ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਵਿਭਾਗ ਵੱਲੋਂ ਮੁਕੰਮਲ ਯੋਜਨਾ ਤਿਆਰ ਕਰ ਲਈ ਗਈ ਹੈ। ਜਲਦੀ ਫਾਈਲ ਵਿੱਤ ਵਿਭਾਗ ਕੋਲ ਭੇਜੀ ਜਾ ਰਹੀ ਹੈ। ਵਿੱਤ ਵਿਭਾਗ ਕੋਲੋਂ ਮੋਹਰ ਲੱਗਣ ਮਗਰੋਂ ਇਹ ਯੋਜਨਾ ਲਾਗੂ ਕੀਤੀ ਜਾਵੇਗੀ। ਦੱਸ ਦਈਏ ਕਿ ਕਾਂਗਰਸ ਨੇ ਚੋਣਾਂ ਵੇਲੇ ਸਸਤੀ ਖੰਡ ਤੇ ਪੱਤੀ ਦੇਣ ਦਾ ਵਾਅਦਾ ਕੀਤਾ ਸੀ। ਤਿੰਨ ਸਾਲ ਬੀਤਣ ਮਗਰੋਂ ਵੀ ਅਜੇ ਇਹ ਲਾਗੂ ਨਹੀਂ ਹੋਇਆ।
ਮੰਤਰੀ ਆਸ਼ੂ ਨੇ ਕਿਹਾ ਕਿ ਇਸ ਯੋਜਨਾ ਤਹਿਤ ਸੂਬੇ ਭਰ ਦੇ 35 ਲੱਖ ਪਰਿਵਾਰਾਂ ਦੇ 1.37 ਕਰੋੜ ਲਾਭਪਾਤਰੀਆਂ ਨੂੰ ਰਿਆਇਤੀ ਦਰਾਂ ’ਤੇ ਕਣਕ ਦੀ ਵੰਡ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ ਸੂਬੇ ਵਿਚ ਸੱਤਾ ਸੰਭਾਲੀ ਹੈ, ਉਦੋਂ ਤੋਂ ਹੀ ਸਰਵੇਖਣ ਕਰਵਾ ਕੇ ਗ਼ੈਰ-ਯੋਗਤਾ ਪ੍ਰਾਪਤ ਲਾਭਪਾਤਰੀਆਂ ਦੀ ਛਾਂਟੀ ਕਰਕੇ ਯੋਗ ਲਾਭਪਾਤਰੀਆਂ ਨੂੰ ਈਪੋਜ਼ ਮਸ਼ੀਨਾਂ ਰਾਹੀਂ ਕਣਕ ਤੇ ਦਾਲਾਂ ਦੀ ਵੰਡ ਕੀਤੀ ਜਾ ਰਹੀ ਹੈ।