ਚੰਡੀਗੜ੍ਹ: ਇਸ ਹਫਤੇ ਮੌਸਮ ਮੁੜ ਵਿਗੜਣ ਦੇ ਆਸਾਰ ਹਨ। ਪੰਜਾਬ ਸਣੇ ਦੇਸ਼ ਦੇ ਕਈ ਹਿੱਸਿਆਂ ਵਿੱਚ 28 ਤੇ 29 ਜਨਵਰੀ ਨੂੰ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ 27 ਜਨਵਰੀ ਮਗਰੋਂ ਕੁਝ ਤਬਦੀਲੀਆਂ ਵੇਖਣ ਨੂੰ ਮਿਲਣਗੀਆਂ।


ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ 28 ਜਨਵਰੀ ਨੂੰ ਉੱਤਰੀ ਭਾਰਤ ਦੇ ਤਿੰਨ ਸੂਬਿਆਂ 'ਚ ਭਾਰੀ ਬਾਰਸ਼ ਹੋ ਸਕਦੀ ਹੈ। ਪੰਜਾਬ, ਹਰਿਆਣਾ, ਰਾਜਸਥਾਨ ਤੇ ਦਿੱਲੀ ਸਮੇਤ ਪੱਛਮੀ ਉੱਤਰ ਪ੍ਰਦੇਸ਼ 'ਚ 24 ਘੰਟਿਆਂ ਦੌਰਾਨ ਤੇਜ਼ ਹਵਾਵਾਂ ਚੱਲਣ ਤੇ ਹਲਕੀ ਬਾਰਸ਼ ਦੀ ਸੰਭਾਵਨਾ ਹੈ। ਉੱਤਰਾਖੰਡ, ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ 'ਚ ਬਰਫ਼ਬਾਰੀ ਹੋ ਸਕਦੀ ਹੈ।

ਜੰਮੂ-ਕਸ਼ਮੀਰ ਤੇ ਲੱਦਾਖ ਦੇ ਕੁਝ ਇਲਾਕਿਆਂ 'ਚ ਬਰਫ਼ਬਾਰੀ ਕਾਰਨ ਠੰਢ ਵਧੇਗੀ। ਇੱਥੇ 27 ਜਨਵਰੀ ਨੂੰ ਨਵਾਂ ਵੈਸਟਰਨ ਡਿਸਟਰਬੈਂਸ ਜੰਮੂ ਤੇ ਕਸ਼ਮੀਰ 'ਚ ਆ ਸਕਦਾ ਹੈ। ਇਸ ਦਾ ਅਸਰ ਅਗਲੇ ਦਿਨ 28 ਜਨਵਰੀ ਨੂੰ ਨਜ਼ਰ ਆਵੇਗਾ। ਇਸ ਕਾਰਨ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ 'ਚ ਭਾਰੀ ਬਾਰਸ਼ ਹੋ ਸਕਦੀ ਹੈ।