ਚੰਡੀਗੜ੍ਹ: ਅਧਿਆਪਕਾਂ ਦੇ ਸੰਘਰਸ਼ ਮਗਰੋਂ ਪੰਜਾਬ ਸਰਕਾਰ ਨਰਮ ਪੈ ਗਈ ਹੈ। ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਕਿਹਾ ਹੈ ਕਿ ਅਧਿਆਪਕਾਂ ਦੀਆਂ ਬਦਲੀਆਂ ਹੁਣ ਪਹਿਲੀ ਨੀਤੀ ਅਨੁਸਾਰ ਹੀ ਹੋਣਗੀਆਂ। ਇਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਏਗੀ।   ਉਨ੍ਹਾਂ ਨੇ ਕਿਹਾ ਕਿ ਅਧਿਆਪਕਾਂ ਦੇ ਹੋਰ ਅਹਿਮ ਮਸਲਿਆਂ ਸਬੰਧੀ ਅਧਿਕਾਰੀਆਂ ਨਾਲ 12 ਜੂਨ ਨੂੰ ਮੁੱਖ ਮੰਤਰੀ ਨਿਵਾਸ ’ਤੇ ਮੀਟਿੰਗ ਹੋਵੇਗੀ। ਇਸ ਵਿੱਚ ਸਾਰੇ ਮਸਲੇ ਵਿਚਾਰੇ ਜਾਣਗੇ। ਇਸ ਤੋਂ ਬਾਅਦ 19 ਜੂਨ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਪੱਕਾ ਕਰਨ ਤੇ ਹੋਰ ਮੰਗਾਂ ਬਾਰੇ ਮੁੱਖ ਮੰਤਰੀ ਨਾਲ ਵਿਚਾਰ ਮਗਰੋਂ ਫੈਸਲਾ ਲਿਆ ਜਾਏਗਾ। ਦਰਅਸਲ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਪੰਜਾਬ ਦੇ ਆਗੂਆਂ ਦੀ ਬੁੱਧਵਾਰ ਨੂੰ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨਾਲ ਪੰਜਾਬ ਭਵਨ ਵਿੱਚ ਮੀਟਿੰਗ ਹੋਈ। ਮੀਟਿੰਗ ਦੌਰਾਨ ਆਗੂਆਂ ਨੇ ਦੋ ਮਈ ਨੂੰ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ ਦੇ ਫ਼ੈਸਲੇ ਵਿਚਾਰੇ ਤੇ ਉਨ੍ਹਾਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ। ਮੰਚ ਦੇ ਆਗੂ ਜਸਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਮੀਟਿੰਗ ’ਚ ਮੰਚ ਵੱਲੋਂ ‘ਪੜ੍ਹੋ ਪੰਜਾਬ’ ਮੁਹਿੰਮ ਦਾ ਬਾਈਕਾਟ ਕਰਨ ਸਮੇਂ ਦਰਜ ਕੀਤੇ ਗਏ ਪਰਚਿਆਂ, ਕਾਰਨ ਦੱਸੋ ਨੋਟਿਸ ਤੇ ਬਦਲੀਆਂ ਬਾਰੇ ਸਿੱਖਿਆ ਮੰਤਰੀ ਨੇ ਭਰੋਸਾ ਦਿਵਾਇਆ ਹੈ ਕਿ ਸਿੱਖਿਆ ਸਕੱਤਰ ਨੂੰ ਵਾਪਸ ਲੈਣ ਲਈ ਉਹ ਲਿਖਤੀ ਆਦੇਸ਼ ਕਰਨਗੇ।