ਚੰਡੀਗੜ੍ਹ: ਮੰਤਰੀ ਸੁਖਜਿੰਦਰ ਰੰਧਾਵਾ ਨੇ ABP ਸਾਂਝਾ 'ਤੇ ਮੇਘਾਲਿਆ ਦੇ ਮੁੱਖ ਮੰਤਰੀ ਵਿਰੁੱਧ ਵੱਡਾ ਬਿਆਨ ਦਿੱਤਾ ਹੈ। ਮੰਤਰੀ ਨੇ ਕਿਹਾ ਕਿ CM ਜ਼ਮੀਨ ਮਸਲੇ 'ਤੇ ਸਿੱਖ ਭਾਈਚਾਰੇ ਨਾਲ ਪੱਖਪਾਤੀ ਵਤੀਰਾ ਕਰ ਰਿਹਾ ਹੈ। ਰੰਧਾਵਾ ਨੇ ਇਹ ਵੀ ਕਿਹਾ ਕਿ ਸਥਾਨਕ ਲੋਕਾਂ ਨੂੰ ਭਰਮਾਉਣ ਲਈ ਮੇਘਾਲਿਆ ਦੇ ਮੁੱਖ ਮੰਤਰੀ ਵੋਟ ਬੈਂਕ ਪੌਲੀਟਿਕਸ ਕਰ ਰਹੇ ਹਨ।   ਸ਼ਿਲਾਂਗ ਵਿੱਚ ਜਿਸ ਜਗ੍ਹਾ 'ਤੇ ਸਿੱਖ ਲੰਮੇ ਸਮੇਂ ਤੋਂ ਵਸੇ ਹੋਏ ਹਨ, ਉਸ ਦਾ ਵਿਵਾਦ ਚੱਲ ਰਿਹਾ ਹੈ। ਰੰਧਾਵਾ ਨੇ ਕਿਹਾ ਕਿ ਜ਼ਮੀਨ ਦੇ ਕਾਗਜ਼ ਸਿੱਖ ਭਾਈਚਾਰੇ ਦੇ ਪੱਖ ਵਿੱਚ ਹਨ ਪਰ ਮੁੱਖ ਮੰਤਰੀ ਕਾਗਜ਼ ਅੱਖੋਂ ਪਰੋਖੇ ਕਰਕੇ ਸਿੱਖਾਂ ਨਾਲ ਧੱਕਾ ਕਰ ਰਿਹਾ ਹੈ। ਮੰਤਰੀ ਨੇ ਕਿਹਾ ਕਿ 200 ਸਾਲਾਂ ਤੋਂ ਉੱਥੇ ਵਸੇ ਸਿੱਖਾਂ ਨੂੰ ਉਜਾੜਨ ਦੀ ਕੋਸ਼ਿਸ਼ ਹੋ ਰਹੀ ਹੈ। ਰੰਧਾਵਾ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਸ਼ਿਲੌਂਗ ਦੇ ਸਿੱਖਾਂ ਨੂੰ ਆਪਣਾ ਵਕੀਲ ਦੇ ਕੇ ਸਾਰੀ ਕਨੂੰਨੀ ਲੜਾਈ ਲੜੇਗੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਮਸਲੇ 'ਤੇ ਮਿਲਣਗੇ। ਆਪਣੇ ਸਿਆਸੀ ਵਿਰੋਧੀ 'ਤੇ ਵਰ੍ਹਦਿਆਂ ਕਿਹਾ ਕਿ ਬਾਦਲ ਚੁੱਪ ਦੀ ਸਿਆਸਤ ਨਾ ਕਰਨ, ਸਗੋਂ ਮਾਮਲੇ ਨੂੰ ਅਮਿਤ ਸ਼ਾਹ ਤੇ ਮੋਦੀ ਕੋਲ ਉਠਾਉਣ। ਮੰਤਰੀ ਨੇ ਇਹ ਵੀ ਸਲਾਹ ਦਿੱਤੀ ਕਿ ਕੈਪਟਨ ਬਾਦਲ ਨਾਲ ਮੋਦੀ ਕੋਲ ਚਲੇ ਜਾਣ। ਕੇਂਦਰ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ 'ਤੇ ਵਰ੍ਹਦਿਆਂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਘੱਟ ਗਿਣਤੀ ਵਿਰੋਧੀ ਪਾਰਟੀ ਹੈ, ਇਸੇ ਲਈ ਮੇਘਲਿਆ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਲਈ ਅਕਾਲੀਆਂ ਨੂੰ ਬੀਜੇਪੀ ਖਿਲਾਫ ਬੋਲਣਾ ਚਾਹੀਦਾ ਹੈ। ਰੰਧਾਵਾ ਨੇ ਇੱਕ ਵਾਰ ਫਿਰ ਸਪੱਸ਼ਟ ਨਹੀਂ ਕੀਤਾ ਕਿ ਸ਼ਿਲਾਂਗ ਦੇ ਗੁਰਦਵਾਰਾ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਹੋਇਆ, ਸ਼ਰਾਰਤੀ ਲੋਕ ਝੂਠਾ ਪ੍ਰਚਾਰ ਕਰ ਰਹੇ ਹਨ।