ਚੰਡੀਗੜ੍ਹ: ਕਿਸਾਨੀ ਨੂੰ ਹੜ੍ਹਾਂ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਕੈਪਟਨ ਸਰਕਾਰ ਨੇ ਤਿਆਰੀ ਵਿੱਢ ਦਿੱਤੀ ਹੈ। ਹੜ੍ਹਾਂ ਦੀ ਰੋਕਥਾਮ ਲਈ 27 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਇਸ ਸਬੰਧੀ ਕੰਮ ਵੀ ਸ਼ੁਰੂ ਹੋ ਗਿਆ ਹੈ। ਇਹ ਜਾਣਕਾਰੀ ਪੰਜਾਬ ਦੇ ਸਿੰਜਾਈ, ਮਾਲ ਤੇ ਮਾਈਨਿੰਗ ਮੰਤਰੀ ਸੁਖਬਿੰਦਰ ਸਰਕਾਰੀਆ ਨੇ ਦਿੱਤੀ ਹੈ। ਸਰਕਾਰੀਆ ਨੇ ਕਿਹਾ ਕਿ ਦਰਿਆਵਾਂ ਤੇ ਨਹਿਰਾਂ ਦੇ ਕੰਢਿਆਂ ਦੀ ਮੁਰੰਮਤ ਸ਼ੁਰੂ ਹੋ ਗਈ ਹੈ। ਸੂਬੇ ਦੀਆਂ ਸਾਰੀਆਂ ਡ੍ਰੇਨਜ਼ ਦੀ ਸਫ਼ਾਈ ਦਾ ਕੰਮ ਜਾਰੀ ਹੈ। ਮੰਤਰੀ ਨੇ ਕਿਹਾ ਜਲਦ ਹੀ ਫੀਲਡ ਵਿੱਚ ਜਾ ਕੇ ਜਾਇਜ਼ਾ ਲਿਆ ਜਾਏਗਾ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਕੰਮ ਮੁਕਾ ਦੇ ਰਿਪੋਰਟ ਭੇਜਣ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ 247 ਕਰੋੜ ਦੇ ਕੰਮ ਹੋਰ ਹਨ ਜੋ ਮੁੱਖ ਕੰਮਾਂ ਤੋਂ ਬਾਅਦ ਸ਼ੁਰੂ ਹੋਣਗੇ। ਪੰਜਾਬ ਵਿੱਚ ਅੱਗੇ ਤੋਂ ਹੜ੍ਹਾਂ ਨੂੰ ਰੋਕਣ ਲਈ ਜਨਵਰੀ ਤੋਂ ਹੀ ਕੰਮ ਸ਼ੁਰੂ ਹੋਏਗਾ। ਮੰਤਰੀ ਨੇ ਕਿਹਾ ਕਿ ਕੁਦਰਤੀ ਆਫ਼ਤ ਨਾਲ ਖ਼ਰਾਬ ਹੋਈਆਂ ਫਸਲਾਂ ਨੂੰ ਅੱਗੇ ਤੋਂ ਸਹੀ ਸਮੇਂ 'ਤੇ ਮੁਆਵਜ਼ਾ ਮਿਲੇਗਾ। ਕੈਪਟਨ ਸਰਕਾਰ ਨੇ ਪ੍ਰਤੀ ਏਕੜ ਮੁਆਵਜ਼ਾ 12,000 ਰੁਪਈਆ ਕੀਤਾ ਹੈ। ਪਹਿਲਾਂ ਇਹ ਸਿਰਫ 8,000 ਰੁਪਏ ਮਿਲਦਾ ਸੀ।