ਚੰਡੀਗੜ੍ਹ: ਸੂਬਾ ਸਰਕਾਰਾਂ ਦੀ ਸਲਾਹ ਉੱਪਰ ਕੇਂਦਰ ਸਰਕਾਰ ਲੌਕਡਾਊਨ ਵਧਾਉਣ ਜਾ ਰਹੀ ਹੈ ਪਰ ਕੁਝ ਰਾਹਤ ਦੇਣ ਲਈ ਵੀ ਰਣਨੀਤੀ ਬਣਾ ਰਹੀ ਹੈ। ਸੂਤਰਾਂ ਮੁਤਾਬਕ ਸਰਕਾਰ ਸ਼ਰਾਬ ਦੇ ਠੇਕੇ ਖੋਲ੍ਹਣ ਬਾਰੇ ਵੀ ਵਿਚਾਰ ਕਰ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਬਹੁਤੀਆਂ ਰਾਜ ਸਰਕਾਰਾਂ ਕੋਲ ਰਿਪੋਰਟਾਂ ਪਹੁੰਚੀਆਂ ਹਨ ਕਿ ਲੋਕ ਇਸ ਗੱਲ਼ੋਂ ਬੇਹੱਦ ਖਫਾ ਹਨ ਕਿ ਸ਼ਰਾਬ ਨਹੀਂ ਮਿਲ ਰਹੀ। ਦੂਜਾ ਸ਼ਰਾਬ ਦੀ ਵਿਕਰੀ ਤੋਂ ਸਰਕਾਰਾਂ ਨੂੰ ਮਾਲੀਏ ਦਾ ਵੱਡਾ ਹਿੱਸਾ ਆਉਂਦਾ ਹੈ।


ਇਸ ਲਈ ਕਈ ਸੂਬਿਆਂ ਦੀਆਂ ਸਰਕਾਰਾਂ ਨੇ ਕੇਂਦਰ ਸਰਕਾਰ ਕੋਲ ਪਹੁੰਚ ਕੀਤੀ ਹੈ ਕਿ ਸ਼ਰਾਬ ਨੂੰ ਵੀ ਜ਼ਰੂਰੀ ਵਸਤੂਆਂ ਦੀ ਸੂਚੀ ਵਿੱਚ ਪਾ ਕੇ ਠੇਕੇ ਖੋਲ੍ਹਣ ਦਾ ਆਗਿਆ ਦਿੱਤੀ ਜਾਵੇ। ਇਸ ਲਈ ਕੇਂਦਰ ਸਰਕਾਰ ਲੌਕਡਾਊਨ ਵਧਾਉਣ ਦੇ ਨਾਲ-ਨਾਲ ਠੇਕੇ ਖੋਲ੍ਹਣ ਬਾਰੇ ਵੀ ਵਿਚਾਰ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਤੈਅ ਸਮੇਂ ਲਈ ਠੇਕੇ ਖੋਲ੍ਹਣ ਦੀ ਰਣਨੀਤੀ ਬਣਾ ਰਹੀ ਹੈ।

ਉਂਝ ਸਰਕਾਰ ਪੂਰੇ ਦੇਸ਼ ਨੂੰ ਜ਼ੋਨਾਂ ਵਿੱਚ ਵੰਡ ਕੇ ਹੀ ਰਾਹਤ ਦੇਵੇਗੀ। ਸੂਤਰਾਂ ਮੁਤਾਬਕ ਕੇਂਦਰ ਸਰਕਾਰ ਪੂਰੇ ਦੇਸ਼ ਨੂੰ ਤਿੰਨ ਜ਼ੋਨਾਂ ਵਿੱਚ ਵੰਡ ਰਹੀ ਹੈ। ਇਹ ਜ਼ੋਨ ਲਾਲ, ਸੰਤਰੀ ਤੇ ਹਰਾ ਹੋਣਗੇ। ਹਰੇ ਜ਼ੋਨ ਵਿੱਚ ਜੀਵਨ ਆਮ ਵਰਗਾ ਹੋ ਸਕਦਾ ਹੈ। ਇੱਥੇ ਠੇਕੇ ਤੇ ਹੋਰ ਸਿਨੇਮਾ-ਮੌਲ ਵਗੈਰਾ ਖੋਲ੍ਹੇ ਜਾ ਸਕਦੇ ਹਨ। ਸੰਤਰੀ ਜ਼ੋਨ ਵਿੱਚ ਵੀ ਕੁਝ ਰਿਆਇਤਾਂ ਦਿੱਤੀਆਂ ਜਾ ਸਕਦੀਆਂ ਹਨ ਪਰ ਲਾਲ ਜ਼ੋਨ ਵਿੱਚ ਪੂਰੀ ਸਖਤੀ ਹੋਏਗੀ।

ਦੱਸ ਦਈਏ ਕਿ ਪੰਜਾਬ ਵਿੱਚ ਕਰਫਿਊ ਤੇ ਪਿੰਡਾਂ ਵਿੱਚ ਪਹਿਰੇ ਲੱਗਣ ਕਰਕੇ ਨਸ਼ਾ ਤਸਕਰੀ ਰੁੱਕ ਗਈ ਹੈ। ਇਸ ਲਈ ਨਸ਼ੇੜੀਆਂ ਕੋਲ ਨਸ਼ਿਆਂ ਦੀ ਸਪਲਾਈ ਨਹੀਂ ਹੋ ਰਹੀ। ਬਹੁਤੇ ਨਸ਼ੇੜੀ ਤਾਂ ਨਸ਼ਾ ਛੁਡਾਊ ਕੇਂਦਰਾਂ ਤੋਂ ਗੋਲੀਆਂ ਲੈ ਕੇ ਸਾਰ ਰਹੇ ਹਨ। ਸਰਕਾਰ ਨੇ ਉਨ੍ਹਾਂ ਨੂੰ ਵੱਧ ਗੋਲੀਆਂ ਦੇਣ ਦੇ ਖੁੱਲ੍ਹ ਦੇ ਦਿੱਤੀ ਸੀ। ਇਸ ਦੇ ਬਾਵਜੂਦ ਜਿਹੜੇ ਨਸ਼ੇੜੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਰਜਿਸਟਰਡ ਨਹੀਂ ਉਨ੍ਹਾਂ ਨੂੰ ਦਿੱਕਤ ਆ ਰਹੀ ਹੈ। ਉਹ ਆਮ ਹਾਲਾਤ ਵਿੱਚ ਹੋਰ ਨਸ਼ਿਆਂ ਦੀ ਥਾਂ ਸ਼ਰਾਬ ਨਾਲ ਵੀ ਡੰਗ ਸਾਰ ਲੈਂਦੇ ਹਨ ਪਰ ਹੁਣ ਸ਼ਰਾਬ ਵੀ ਨਹੀਂ ਮਿਲ ਰਹੀ।