ਨੰਗਲ: ਪੰਜਾਬੀ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਨੇ ਲੋਕਾਂ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਦੀ ਸਹੁੰ ਚੁਕਵਾਈ। ਦਰਅਸਲ ਮਾਨ ਨੰਗਲ ਦੇ ਐਨਐਫਐਲ ਗਰਾਊਂਡ ਵਿੱਚ ਸਾਈਕਲੋਥਾਨ ਤੇ ਮੈਰਾਥਾਨ ਮੌਕੇ ਪੇਸ਼ਕਾਰੀ ਦੇਣ ਲਈ ਪੁੱਜੇ ਸਨ। ਇਸ ਮੌਕੇ ਉਨ੍ਹਾਂ ਆਪਣੇ ਗੀਤਾਂ ਨਾਲ ਖੂਬ ਰੰਗ ਬੰਨ੍ਹਿਆ ਤੇ ਸਰੋਤਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਹ ਸਾਈਕਲੋਥਾਨ ਤੇ ਮੈਰਾਥਾਨ ਰੂਪਨਗਰ ਪ੍ਰਸ਼ਾਸਨ ਵੱਲੋਂ ਕਰਾਇਆ ਗਿਆ ਸੀ ਜਿਸ ਵਿੱਚ ਨੌਜਵਾਨਾਂ ਤੋਂ ਇਲਾਵਾ ਬਜ਼ੁਰਗਾਂ ਸਮੇਤ ਕੁੱਲ 8500 ਜਣਿਆਂ ਨੇ ਹਿੱਸਾ ਲਿਆ।
ਸਾਈਕਲੋਥਾਨ ਤੇ ਮੈਰਾਥਾਨ ਬਾਅਦ ਲਗਪਗ 10:30 ਵਜੇ ਗੁਰਦਾਸ ਮਾਨ ਨੇ ਅਖਾੜਾ ਲਾਇਆ। ਇਸ ਮੌਕੇ ਉਨ੍ਹਾਂ ਸਟੇਜ ਤੋਂ ਰੂਪਨਗਰ ਦੇ ਡੀਸੀ ਤੇ ਐਸਐਸਪੀ, ਏਡੀਸੀ ਰੋਪੜ, ਐਸਡੀਐਮ ਸ੍ਰੀ ਆਨੰਦਪੁਰ ਸਾਹਿਬ ਨਾਲ ਲੋਕ ਸਭਾ ਚੋਣਾਂ ਦੇ ਮਾਹੌਲ ਵਿੱਚ 18 ਸਾਲਾਂ ਤੋਂ ਉੱਪਰ ਦੇ ਨਵੇਂ ਵੋਟਰਾਂ ਨੂੰ ਵੋਟ ਪਾਉਣ ਦੀ ਸਹੁੰ ਦਵਾਈ।
ਮਾਨ ਨੇ ਲੋਕਾਂ ਨੂੰ ਕਿਹਾ ਕਿ ਉਹ ਇਮਾਨਦਾਰੀ ਨਾਲ ਆਪਣੀ ਵੋਟ ਦ ਇਸਤੇਮਾਲ ਕਰਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਵੋਟ ਸਹੀ ਹੱਥਾਂ ਵਿੱਚ ਜਾਣੇ ਚਾਹੀਦੇ ਹਨ ਇਸ ਲਈ ਲੋਕਾਂ ਨੂੰ ਧਿਆਨ ਨਾਲ ਆਪਣੀ ਵੋਟ ਪਾਉਣੀ ਚਾਹੀਦੀ ਹੈ। ਇਸ ਪਿੱਛੋਂ ਮਾਨ ਨੇ ਆਪਣੇ ਗੀਤਾਂ ਨਾਲ ਸ੍ਰੋਤੇ ਕੀਲ ਲਏ ਤੇ ਸਭ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।