ਗੁਰਦਾਸਪੁਰ ਜ਼ਿਮਨੀ ਚੋਣ ਕਰੇਗੀ ਪਾਰਟੀਆਂ ਤੇ ਵੱਡੇ ਲੀਡਰਾਂ ਦਾ ਭਵਿੱਖ ਤੈਅ
ਏਬੀਪੀ ਸਾਂਝਾ | 22 Sep 2017 01:59 PM (IST)
ਚੰਡੀਗੜ੍ਹ (ਹਰਪਿੰਦਰ ਸਿੰਘ ਟੌਹੜਾ): ਫਿਲਮੀ ਅਦਾਕਾਰ ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਗੁਰਦਾਸਪੁਰ ਦੀ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ 11 ਅਕਤੂਬਰ ਨੂੰ ਹੋਣ ਜਾ ਰਹੀ ਹੈ। ਇਸ ਚੋਣ ਦੇ ਨਤੀਜੇ 15 ਅਕਤੂਬਰ ਨੂੰ ਆਉਣੇ ਹਨ। ਚੋਣ ਲਈ ਪਾਰਟੀਆਂ ਨੇ ਆਪੋ-ਆਪਣੇ ਉਮੀਦਵਾਰ ਮੈਦਾਨ 'ਚ ਉਤਾਰ ਦਿੱਤੇ ਹਨ। ਗੁਰਦਾਸਪੁਰ ਚੋਣ ਮੁੱਖ ਸਿਆਸੀ ਪਾਰਟੀਆਂ ਦੇ ਭਵਿੱਖ ਦਾ ਫੈਸਲਾ ਜ਼ਰੂਰ ਕਰੇਗੀ। ਹਾਲਾਂਕਿ ਸਿਆਸੀ ਮਾਹਿਰ ਅਨੁਸਾਰ ਇਸ ਚੋਣ ਨਾਲ ਅੰਕੜਿਆਂ 'ਤੇ ਤਾਂ ਕੋਈ ਫਰਕ ਨਹੀਂ ਪੈਣਾ ਪਰ ਪਾਰਟੀਆਂ ਦਾ ਭਵਿੱਖ ਜ਼ਰੂਰ ਤੈਅ ਹੋਏਗਾ। ਗੁਰਦਾਸਪੁਰ 'ਚ ਹਿੰਦੂ ਵੋਟਰਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਤਿੰਨੇ ਮੁੱਖ ਸਿਆਸੀ ਪਾਰਟੀਆਂ ਨੇ ਹਿੰਦੂ ਉਮੀਦਵਾਰ ਉਤਾਰ ਕੇ ਆਪੋ-ਆਪਣਾ ਵੋਟ ਬੈਂਕ ਪੱਕਾ ਕਰਨ ਦਾ ਯਤਨ ਕੀਤਾ ਹੈ। ਸੱਤਾ ਧਿਰ ਕਾਂਗਰਸ ਲਈ ਇਹ ਚੋਣ ਕਾਫ਼ੀ ਅਹਿਮ ਹੈ ਕਿਉਂਕਿ ਹੁਣ 6 ਮਹੀਨਿਆਂ ਦੀ ਕਾਰਗੁਜ਼ਾਰੀ ਦਾ ਨਤੀਜਾ ਆਉਣਾ ਹੈ। ਇਸ ਲਈ ਕਾਂਗਰਸ ਜੇਕਰ ਚੋਣ ਜਿੱਤਣ 'ਚ ਨਾਕਾਮ ਰਹਿੰਦੀ ਹੈ ਤਾਂ 2019 ਦੀਆਂ ਲੋਕ ਸਭਾ ਚੋਣਾਂ 'ਚ ਵੀ ਉਸ ਲਈ ਵੱਡੀ ਚੁਣੌਤੀ ਖੜ੍ਹਾ ਹੋਵੇਗੀ। ਪਾਰਟੀ ਨੇ ਪ੍ਰਧਾਨ ਸੁਨੀਲ ਜਾਖੜ ਨੂੰ ਉਮੀਦਵਾਰ ਚੁਣਿਆ ਹੈ। ਉਨ੍ਹਾਂ ਲਈ ਵੀ ਇਹ ਵੱਡੀ ਚੁਣੌਤੀ ਹੈ ਕਿਉਂਕਿ ਉਹ 2014 ਦੀ ਚੋਣ ਜੋ ਉਨ੍ਹਾਂ ਆਪਣੇ ਜ਼ੱਦੀ ਹਲਕੇ ਫਿਰੋਜ਼ਪੁਰ ਤੋਂ ਲੜੀ ਸੀ, 'ਚ ਵੀ ਹਾਰ ਗਏ ਸੀ। ਕੈਪਟਨ ਦੇ ਕਰੀਬ ਹੋਣ ਕਾਰਨ ਉਹ ਇੱਕ ਵਾਰ ਫਿਰ ਟਿਕਟ ਲੈਣ 'ਚ ਤਾਂ ਕਾਮਯਾਬ ਹੋ ਗਏ ਪਰ ਜੇ ਉਹ ਜਿੱਤਣ 'ਚ ਅਸਫ਼ਲ ਰਹੇ ਤਾਂ ਉਨ੍ਹਾਂ ਦਾ ਸਿਆਸੀ ਭਵਿੱਖ ਵੀ ਡਾਵਾਂਡੋਲ ਹੋ ਸਕਦਾ ਹੈ। ਭਾਜਪਾ ਲਈ ਇਹ ਚੋਣ ਇਸ ਲਈ ਅਹਿਮ ਹੈ ਕਿਉਂਕਿ ਜੇਕਰ ਉਹ ਇਹ ਸੀਟ ਨਹੀਂ ਜਿੱਤਦੀ ਤਾਂ ਇਸ ਦਾ ਅਸਰ 2019 ਦੀਆਂ ਲੋਕ ਸਭਾ ਚੋਣਾਂ 'ਤੇ ਪਵੇਗਾ। ਉਂਝ ਵੀ ਨੋਟਬੰਦੀ, ਵਿਦੇਸ਼ ਨੀਤੀ ਤੇ ਮਹਿੰਗਾਈ ਦੇ ਮੁੱਦਿਆਂ ਕਰਕ ਬੀਜੇਪੀ ਦੀ ਕਾਫ਼ੀ ਅਲੋਚਨਾ ਹੋਈ ਸੀ। ਚੋਣਾਂ 'ਚ ਕੀਤੇ ਵਾਅਦੇ ਪੂਰੇ ਨਾ ਹੋਣ ਕਾਰਨ ਵੀ ਬੀਜੇਪੀ ਵਿਰੋਧੀਆਂ ਦੇ ਸਵਾਲਾਂ ਦਾ ਸਾਹਮਣਾ ਕਰ ਰਹੀ ਹੈ। ਇਸ ਕਰਕੇ ਬੀਜੇਪੀ ਇਸ ਸੀਟ 'ਤੇ ਕਬਜ਼ਾ ਬਰਕਰਾਰ ਰੱਖ ਕੇ ਹੀ ਵਿਰੋਧੀਆਂ ਦੇ ਮੂੰਹ ਬੰਦ ਕਰ ਸਕਦੀ ਹੈ। ਬੀਜੇਪੀ ਨੇ ਇਲਾਕੇ ਦੇ ਉਮੀਦਵਾਰ ਨੂੰ ਤਰਜ਼ੀਹ ਦਿੱਤੀ ਹੈ। ਸਵਰਨ ਸਲਾਰੀਆ ਪਹਿਲਾਂ ਵੀ ਇੱਥੋਂ ਆਪਣੀ ਦਾਅਵੇਦਾਰੀ ਪੇਸ਼ ਕਰਦੇ ਰਹੇ ਸਨ ਪਰ ਵਿਨੋਦ ਖੰਨਾ ਉਨ੍ਹਾਂ 'ਤੇ ਭਾਰੂ ਪੈ ਜਾਂਦੇ ਸਨ। ਇਸ ਵਾਰ ਪਾਰਟੀ ਨੇ ਉਨ੍ਹਾਂ ਨੂੰ ਮੌਕਾ ਦੇ ਦਿੱਤਾ ਹੈ ਪਰ ਜੇਕਰ ਬੀਜੀਪੀ ਇਹ ਸੀਟ ਨਹੀਂ ਬਚਾ ਪਾਉਂਦੀ ਤਾਂ ਪੰਜਾਬ 'ਚ ਪਹਿਲਾਂ ਹੀ ਹਾਸ਼ੀਏ 'ਤੇ ਖੜ੍ਹੀ ਪਾਰਟੀ ਲਈ ਆਪਣਾ ਭਵਿੱਖ ਬਚਾਉਣਾ ਔਖਾ ਹੋਵੇਗਾ। ਇਸ ਚੋਣ 'ਚ ਜਿੱਤ-ਹਾਰ ਪੰਜਾਬ ਬੀਜੇਪੀ ਦੇ ਪ੍ਰਧਾਨ ਵਿਜੇ ਸਾਂਪਲਾ ਦਾ ਭਵਿੱਖ ਤੈਅ ਕਰੇਗਾ। ਤੀਜੀ ਮੁੱਖ ਧਿਰ ਆਮ ਆਦਮੀ ਪਾਰਟੀ ਹੈ। ਵਿਧਾਨ ਸਭਾ ਚੋਣਾਂ 'ਚ 20 ਸੀਟਾਂ ਜਿੱਤਣ ਮਗਰੋਂ ਉਸ ਲਈ ਖੁਦ ਨੂੰ ਸਾਬਤ ਕਰਨ ਦਾ ਇੱਕ ਮੌਕਾ ਹੋਰ ਹੈ ਕਿਉਂਕਿ ਵਿਧਾਨ ਸਭਾ ਚੋਣਾਂ 'ਚ ਆਸ ਮੁਤਾਬਕ ਨਤੀਜੇ ਨਾ ਆਉਣ ਕਾਰਨ ਪਾਰਟੀ 'ਚ ਕਾਫ਼ੀ ਫੇਰਬਦਲ ਕੀਤੇ ਗਏ ਸਨ। ਜ਼ਿਮਨੀ ਚੋਣ ਲਈ ਸੇਵਾ ਮੁਕਤ ਮੇਜਰ ਜਨਰਲ ਸੁਰੇਸ਼ ਖਜੂਰੀਆ ਨੂੰ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਹੈ। ਉਨ੍ਹਾਂ ਨੂੰ ਉਮੀਦਵਾਰ ਬਣਾਉਣ ਪਿੱਛੇ ਪਾਰਟੀ ਨੇ ਫੌਜੀਆਂ ਦੀ ਵੋਟ ਨੂੰ ਆਪਣੇ ਹੱਕ 'ਚ ਭਗਤਾਉਣ ਦੀ ਰਣਨੀਤੀ ਅਪਣਾਈ ਹੈ ਕਿਉਂਕਿ ਸਰਹੱਦੀ ਇਲਾਕਾ ਹੋਣ ਕਾਰਨ ਗੁਰਦਾਸਪੁਰ 'ਚ ਫੌਜੀਆਂ ਦੀ ਵੋਟ ਕਾਫ਼ੀ ਹੈ। ਇਹ ਚੋਣ ਪਾਰਟੀ ਦੇ ਅਹਿਮ ਨੇਤਾਵਾਂ ਸੰਸਦ ਮੈਂਬਰ ਭਗਵੰਤ ਮਾਨ ਤੇ ਸੁਖਪਾਲ ਖਹਿਰਾ ਦੇ ਨਾਲ-ਨਾਲ ਪਾਰਟੀ ਦੇ ਭਵਿੱਖ ਦਾ ਫੈਸਲਾ ਕਰੇਗੀ ਕਿਉਂਕਿ ਆਪਣੀ ਸਾਖ ਬਚਾਉਣ ਲਈ ਇਹ ਜਿੱਤ ਬੇਹੱਦ ਜ਼ਰੂਰੀ ਹੈ।