ਅੰਮ੍ਰਿਤਸਰ: ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਵੱਲੋਂ ਮੈਦਾਨ ਵਿੱਚ ਉੱਤਰੇ ਸਵਰਨ ਸਲਾਰੀਆ ਨੇ ਉਨ੍ਹਾਂ ਨੂੰ ਟਿਕਟ ਦਿਵਾਉਣ ਦਾ ਸਾਰਾ ਸਿਹਰਾ ਯੋਗ ਗੁਰੂ ਬਾਬਾ ਰਾਮਦੇਵ ਨੂੰ ਦਿੱਤਾ। ਬੀਤੀ ਦੇਰ ਰਾਤ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚੇ ਸਵਰਨ ਸਲਾਰੀਆ ਨੇ ਕਿਹਾ ਕਿ ਇਸ ਚੋਣ ਵਿੱਚ ਉਸ ਦਾ ਮੁਕਾਬਲਾ ਹੋਰ ਸਿਆਸੀ ਪਾਰਟੀ ਨਾਲ ਨਹੀਂ ਸਗੋਂ ਆਪਣੇ ਨਾਲ ਹੀ ਹੈ। ਸਲਾਰੀਆ ਨੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਬਾਬਾ ਰਾਮਦੇਵ ਉਨ੍ਹਾਂ ਦੇ ਗੁਰੂ ਹਨ ਤੇ ਉਹ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਸਲਾਰੀਆ ਨੇ ਇਸ ਗੱਲ ਦਾ ਵੀ ਦਾਅਵਾ ਕੀਤਾ ਕਿ ਵਿਨੋਦ ਖੰਨਾ ਦਾ ਪਰਿਵਾਰ ਵੀ ਉਸ ਦੇ ਪੱਖ ਵਿੱਚ ਹੀ ਹੈ। ਦੱਸਣਾ ਬਣਦਾ ਹੈ ਕਿ 11 ਅਕਤੂਬਰ ਨੂੰ ਗੁਰਦਾਸਪੁਰ ਦੀ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਕਰਵਾਈ ਜਾਣੀ ਹੈ। ਇਸ ਚੋਣ ਲਈ ਆਮ ਆਦਮੀ ਪਾਰਟੀ ਨੇ ਮੇਜਰ ਜਨਰਲ ਸੁਰੇਸ਼ ਖਜੂਰੀਆ ਤੇ ਕਾਂਗਰਸ ਨੇ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਮੈਦਾਨ ਵਿੱਚ ਉਤਾਰਿਆ ਹੈ।