ਜੱਸੀ ਹੱਤਿਆਕਾਂਡ : ਹਵਾਲਗੀ 'ਤੇ ਰੋਕ,ਆਖਰੀ ਮਿੰਟ 'ਚ ਕੈਨੇਡਾ ਸਰਕਾਰ ਨੇ ਜਹਾਜ਼ ਤੋਂ ਲਾਹਿਆ
ਏਬੀਪੀ ਸਾਂਝਾ | 22 Sep 2017 08:56 AM (IST)
ਚੰਡੀਗੜ੍ਹ : ਅਣਖ ਖਾਤਿਰ ਹੋਏ ਜੱਸੀ ਹੱਤਿਆਕਾਂਡ 'ਚ ਕੈਨੇਡਾ ਦੀ ਸੁਪਰੀਮ ਕੋਰਟ ਨੇ ਆਖਰੀ ਮਿੰਟ 'ਤੇ ਦੋ ਮੁੱਖ ਦੋਸ਼ੀਆਂ ਜੱਸੀ ਦੀ ਮਾਂ ਮਲਕੀਅਤ ਕੌਰ ਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਦੀ ਭਾਰਤ ਨੂੰ ਹਵਾਲਗੀ 'ਤੇ ਰੋਕ ਲਗਾ ਦਿੱਤੀ। ਇਹ ਰੋਕ ਉਸ ਸਮੇਂ ਲਗਾਈ ਗਈ ਜਦੋਂ ਉਨ੍ਹਾਂ ਨੂੰ ਲੈ ਕੇ ਜਹਾਜ਼ ਭਾਰਤ ਰਵਾਨਾ ਹੋਣ ਵਾਲਾ ਸੀ। ਅਦਾਲਤ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਉਹ ਇਸ ਮਾਮਲੇ 'ਤੇ ਦੁਬਾਰਾ ਵਿਚਾਰ ਕਰੇਗੀ ਕਿਉਂਕਿ ਉਸ ਨੂੰ ਕੁਝ ਫੇਸਬੁੱਕ ਪੋਸਟ ਤੋਂ ਪਤਾ ਚੱਲਿਆ ਹੈ ਕਿ ਇਨ੍ਹਾਂ ਨੂੰ ਭਾਰਤ ਨੂੰ ਸਪੁਰਦ ਕੀਤੇ ਜਾਣ ਦੇ ਤੁਰੰਤ ਬਾਅਦ ਸਜ਼ਾ ਦੇ ਦਿੱਤੀ ਜਾਵੇਗੀ। ਹਵਾਲਗੀ ਸੰਧੀ ਤਹਿਤ ਭਾਰਤ ਸਰਕਾਰ ਨੂੰ ਇਹ ਲਿਖ ਕੇ ਦੇਣਾ ਪਵੇਗਾ ਕਿ ਉਹ ਇਸ ਮਾਮਲੇ 'ਚ ਪਾਰਦਰਸ਼ਤਾ ਵਾਲੀ ਕਾਰਵਾਈ ਕਰੇਗੀ ਪ੍ਰੰਤੂ ਫੇਸਬੁੱਕ ਪੋਸਟ ਕੁਝ ਹੋਰ ਹੀ ਕਹਿੰਦੀਆਂ ਹਨ। ਜਾਣਕਾਰੀ ਮੁਤਾਬਿਕ ਕੈਨੇਡਾ ਗਈ ਤਿੰਨ ਮੈਂਬਰੀ ਟੀਮ ਨੇ ਮਲਕੀਅਤ ਕੌਰ ਤੇ ਸੁਰਜੀਤ ਸਿੰਘ ਬਦੇਸ਼ਾ ਨੂੰ ਬੁੱਧਵਾਰ ਨੂੰ ਹਿਰਾਸਤ ਵਿਚ ਲੈ ਲਿਆ ਸੀ। ਅਸੀਂ ਅਦਾਲਤ ਦੇ ਨਵੇਂ ਫ਼ੈਸਲੇ ਦਾ ਵਿਸਥਾਰ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਪ੍ਰੰਤੂ ਦੋਹਾਂ ਦੇਸ਼ਾਂ ਦਰਮਿਆਨ ਸਮੇਂ ਦਾ ਕਾਫ਼ੀ ਅੰਤਰ ਹੋਣ ਕਾਰਨ ਪੁਲਿਸ ਦੀ ਟੀਮ ਨਾਲ ਅਜੇ ਸੰਪਰਕ ਨਹੀਂ ਹੋ ਸਕਿਆ। ਇਸ ਟੀਮ ਨੇ ਵੀਰਵਾਰ ਸਵੇਰੇ 9 ਵਜੇ ਦਿੱਲੀ ਹਵਾਈ ਅੱਡੇ 'ਤੇ ਪੁੱਜਣਾ ਸੀ ਤੇ ਪੁਲਿਸ ਨੇ ਇਨ੍ਹਾਂ ਨੂੰ ਸ਼ੁੱਕਰਵਾਰ ਨੂੰ ਸੰਗਰੂਰ ਦੀ ਅਦਾਲਤ 'ਚ ਪੇਸ਼ ਕਰਨ ਦਾ ਸਾਰਾ ਪ੍ਰੋਗਰਾਮ ਵੀ ਤਿਆਰ ਕੀਤਾ ਹੋਇਆ ਸੀ। ਇਹ ਦੋਨੋਂ ਦੋਸ਼ੀ ਤੇ ਪੁਲਿਸ ਦੀ ਟੀਮ ਕੈਨੇਡਾ ਦੀ ਸਰਕਾਰ ਦੀ ਇਜਾਜ਼ਤ ਪਿੱਛੋਂ ਜਹਾਜ਼ ਵਿਚ ਵੀ ਦਾਖ਼ਲ ਹੋ ਗਈ ਸੀ ਪ੍ਰੰਤੂ ਅਦਾਲਤ ਦੇ ਫ਼ੈਸਲੇ ਪਿੱਛੋਂ ਇਨ੍ਹਾਂ ਨੂੰ ਜਹਾਜ਼ ਤੋਂ ਉਤਾਰ ਲਿਆ ਗਿਆ। ਪੰਜਾਬ ਪੁਲਿਸ ਦੀ ਇਸ ਟੀਮ ਵਿਚ ਕੰਵਰਦੀਪ ਕੌਰ ਐੱਸਪੀ ਹੈੱਡਕੁਆਰਟਰ ਪਟਿਆਲਾ, ਅਕਾਸ਼ਦੀਪ ਸਿੰਘ ਅੌਲਖ ਡੀਐੱਸਪੀ ਧੂਰੀ ਅਤੇ ਇੰਸਪੈਕਟਰ ਦੀਪਿੰਦਰ ਪਾਲ ਸਿੰਘ ਸ਼ਾਮਿਲ ਸਨ। ਜ਼ਿਕਰਯੋਗ ਹੈ ਕਿ 8 ਜੂਨ, 2000 ਨੂੰ ਜੱਸੀ ਅਤੇ ਜਗਰਾਓਂ ਦੇ ਕੌਂਕੇ ਖੋਸਾ ਪਿੰਡ ਦੇ ਉਸ ਦੇ ਪਤੀ ਸੁਖਵਿੰਦਰ ਸਿੰਘ ਮਿੱਠੂ 'ਤੇ ਭਾੜੇ ਦੇ ਹਮਲਾਵਰਾਂ ਨੇ ਮਾਲੇਰਕੋਟਲਾ ਨੇੜੇ ਹਮਲਾ ਕੀਤਾ ਸੀ ਜਿਸ ਵਿਚ ਜੱਸੀ ਦੀ ਮੌਤ ਹੋ ਗਈ ਸੀ ਜਦਕਿ ਉਸ ਦਾ ਪਤੀ ਸੁਖਵਿੰਦਰ ਸਿੰਘ ਮਿੱਠੂ ਇਸ ਹਮਲੇ 'ਚ ਬੱਚ ਗਿਆ ਸੀ। ਸੁਖਵਿੰਦਰ ਸਿੰਘ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ 'ਤੇ ਅਣਖ ਖਾਤਿਰ ਇਹ ਹਮਲਾ ਜੱਸੀ ਦੀ ਮਾਂ ਮਲਕੀਅਤ ਕੌਰ ਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਨੇ ਕਰਵਾਇਆ ਹੈ।