ਅੰਮ੍ਰਿਤਸਰ: ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਸਥਾਨਕ ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਦੇ ਕਤਲ ਸਬੰਧੀ 10 ਦਿਨਾਂ ਬਾਅਦ ਵੀ ਦੋਸ਼ੀਆਂ ਦੇ ਨਾ ਫੜੇ ਜਾਣ 'ਤੇ ਰੋਸ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਗ੍ਰਿਫ਼ਤ 'ਚ ਲੈਣਾ ਜੇ ਸਰਕਾਰ ਦੇ ਵੱਸ ਤੋਂ ਬਾਹਰ ਦੀ ਗੱਲ ਹੈ ਤਾਂ ਉਹ ਕੇਸ ਸੀ ਬੀ ਆਈ ਨੂੰ ਸੌਂਪ ਦੇਣ।   ਮਜੀਠੀਆ ਗੁਰਦੀਪ ਪਹਿਲਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਦੁਖ ਸਾਂਝਾ ਕਰਨ ਆਏ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਗੁਰਦੀਪ ਸਿੰਘ ਵਧੀਆ ਇਨਸਾਨ ਸਨ ਜਿਨ੍ਹਾਂ ਲੋੜਵੰਦਾਂ ਦੀ ਸਹਾਇਤਾ ਕੀਤੀ ਤੇ ਹਮੇਸ਼ਾ ਸਮਾਜ ਦੇ ਭਲੇ ਨੂੰ ਸਮਰਪਿਤ ਰਹੇ। ਉਨ੍ਹਾਂ ਪਰਿਵਾਰ ਦੀ ਮੰਗ ਦੀ ਪ੍ਰੋੜ੍ਹਤਾ ਕਰਦਿਆਂ ਸਰਕਾਰ ਤੋਂ ਪਰਿਵਾਰਕ ਮੈਂਬਰਾਂ ਨੂੰ ਤੁਰੰਤ ਨੌਕਰੀ ਤੇ ਮੁਆਵਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਤੇ ਦੋਸ਼ੀ ਤੁਰੰਤ ਫੜੇ ਜਾਣੇ ਚਾਹੀਦੇ ਹਨ। ਉਨ੍ਹਾਂ ਰਾਜ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਚਿੰਤਾਜਨਕ ਦੱਸਿਆ। ਪੰਜਾਬ ਵਿਚ ਵਧ ਰਹੇ ਗੈਗਸਟਰਾਂ ਤੇ ਦਿਨ-ਦਿਹਾੜੇ ਹੋ ਰਹੇ ਕਤਲਾਂ ਦੀਆਂ ਵਾਰਦਾਤਾਂ ਪ੍ਰਤੀ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਵਿਚ ਸੱਤਾਧਾਰੀ ਕਾਂਗਰਸ ਦੇ ਕੌਂਸਲਰ ਸੁਰੱਖਿਅਤ ਨਹੀਂ ਤਾਂ ਆਮ ਲੋਕਾਂ ਦੀ ਸੁਰੱਖਿਆ ਬਾਰੇ ਅੰਦਾਜਾ ਲਾਉਣਾ ਔਖਾ ਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਸਮਰਥ ਹੈ ਜਿਸ ਨੇ ਪੰਜਾਬ ਦੇ ਮਾਹੌਲ ਨੂੰ ਸਾਜ਼ਗਾਰ ਬਣਾਇਆ ਅਜ ਵੀ ਜੇ ਪੁਲੀਸ ਦਿਲੋਂ ਦ੍ਰਿੜਤਾ ਦਿਖਾਵੇ ਤਾਂ ਅਜਿਹੇ ਮਾਮਲੇ ਹੱਲ ਕੀਤੇ ਜਾ ਸਕਦੇ ਹਨ। ਉਨ੍ਹਾਂ ਸਭ ਨੂੰ ਸਮਾਜ ਪ੍ਰਤੀ ਬਣਦੀ ਜ਼ਿੰਮੇਵਾਰੀ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਦੁਖ ਦੀ ਘੜੀ ਪੀੜਤ ਪਰਿਵਾਰ ਨਾਲ ਖੜੇ ਹੋਣ ਦੀ ਵੀ ਅਪੀਲ ਕੀਤੀ ਹੈ।