ਚੰਡੀਗੜ੍ਹ: ਰੂਪਨਗਰ ਜ਼ਿਲ੍ਹੇ ਦੇ ਪਿੰਡ ਡੰਗੋਲੀ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਵਿੱਚ ਹੋਈ ਬੇਅਦਬੀ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ। ਰੂਪਨਗਰ ਪੁਲਿਸ ਨੇ ਗੁਰਦੁਆਰੇ ਦੇ ਗ੍ਰੰਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਗ੍ਰੰਥੀ ਦੀ ਡਿਊਟੀ ਉਸ ਦੀ ਡਰਾਈਵਰੀ 'ਤੇ ਪ੍ਰਭਾਵ ਪਾਉਂਦੀ ਸੀ। ਇਸ ਲਈ ਉਸ ਨੇ ਅਜਿਹਾ ਕੰਮ ਕੀਤਾ।   ਰੂਪਨਗਰ ਦੇ ਐਸਐਸਪੀ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਗੁਰਦੁਆਰੇ ਵਿੱਚ ਗ੍ਰੰਥੀ ਦੀ ਡਿਊਟੀ ਕਰਨ ਵਾਲਾ ਜਗਤਾਰ ਸਿੰਘ ਪੜਤਾਲ ਦੌਰਾਨ ਆਪਣੇ ਬਿਆਨ ਬਦਲ ਰਿਹਾ ਸੀ। ਇਸ ਤੋਂ ਪੁਲਿਸ ਨੂੰ ਸ਼ੱਕ ਹੋ ਗਿਆ। ਪੁਲਿਸ ਮੁਤਾਬਕ ਪੁੱਛਗਿੱਛ ਦੌਰਾਨ ਜਗਤਾਰ ਸਿੰਘ ਨੇ ਮੰਨਿਆ ਕਿ ਉਹ ਟਰੱਕ ਚਲਾਉਂਦਾ ਹੈ। ਰੋਜ਼ਾਨਾ ਗੁਰਦੁਆਰੇ ਦੀ ਡਿਊਟੀ ਉਸ ਦਾ ਕੰਮ ਪ੍ਰਭਾਵਿਤ ਕਰਦੀ ਸੀ। ਇਸ ਲਈ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਪੁਲਿਸ ਮੁਤਾਬਕ ਜਗਤਾਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਦੋ ਗੁਰਦੁਆਰਾ ਸਾਹਿਬ ਹਨ ਤੇ ਪਿੰਡ ਦੇ ਜ਼ਿਆਦਾਤਰ ਲੋਕ ਦੂਜੇ ਗੁਰੂ ਘਰ ਜਾਂਦੇ ਸਨ। ਉਸ ਨੇ ਦੱਸਿਆ ਕਿ ਉਹ ਤੇ ਪਿੰਡ ਦੇ ਸਾਰੇ ਲੋਕ ਇਸ ਗੱਲ 'ਤੇ ਸਹਿਮਤ ਸਨ ਕਿ ਦੋਵੇਂ ਗੁਰਦੁਆਰਿਆਂ ਵਿੱਚੋਂ ਇੱਕ ਰੱਖਿਆ ਜਾਵੇ, ਪਰ ਗੁਰਦੁਆਰਾ ਸਿੰਘ ਸ਼ਹੀਦਾਂ ਦਾ ਮੈਨੇਜਰ ਮੱਖਣ ਸਿੰਘ ਇਸ ਗੱਲ ਦੇ ਖਿਲਾਫ ਸੀ। ਪੁਲਿਸ ਨੇ ਦੱਸਿਆ ਕਿ ਗੁਰਦੁਆਰਾ ਇੱਕ ਕਰਨ ਤੇ ਆਪਣੀ ਡਿਊਟੀ ਨੂੰ ਪ੍ਰਭਾਵਿਤ ਹੋਣ ਤੋਂ ਬਚਾਉਣ ਲਈ ਇਸ ਬੇਅਦਬੀ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੇ ਬੀਤੇ ਕੱਲ੍ਹ ਸਵੇਰੇ 5:45 ਤੋਂ 6:15 ਦਰਮਿਆਨ ਕੜਾਹ ਪ੍ਰਸ਼ਾਦਿ ਨੂੰ ਭੋਗ ਲਵਾਉਣ ਲਈ ਸ੍ਰੀ ਸਾਹਿਬ ਦੀ ਪੱਤੀ ਨਾਲ ਗੁਰੂ ਗ੍ਰੰਥ ਸਾਹਿਬ ਦੇ ਕਈ ਅੰਗ ਪਾੜ ਦਿੱਤੇ ਸਨ। ਪੁਲਿਸ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਇਸ ਦਾ ਇਲਜ਼ਾਮ ਕਿਸੇ ਕੁੱਤੇ ਜਾਂ ਹੋਰ ਜਾਨਵਰ ਉਤੇ ਲਾਉਣਾ ਚਾਹੁੰਦਾ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਪੁੱਛਗਿੱਛ ਜਾਰੀ ਹੈ।