ਕੈਪਟਨ ਦੀ ਮਿੱਤਰ ਅਰੂਸਾ ਆਲਮ ਦਾ ਰਾਹ ਰੋਕਣ ਲਈ ਮੋਦੀ ਨੂੰ ਚਿੱਠੀ !
ਏਬੀਪੀ ਸਾਂਝਾ | 10 Jun 2018 05:40 PM (IST)
ਪੁਰਾਣੀ ਤਸਵੀਰ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਮਹਿਲਾ ਮਿੱਤਰ ਦੇ ਵੀਜ਼ੇ 'ਤੇ ਵਕੀਲ ਐਚਸੀ ਅਰੋੜਾ ਨੇ ਸਵਾਲ ਚੁੱਕੇ ਹਨ। ਅਰੋੜਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਅਰੂਸਾ ਆਲਮ ਦੇ ਵੀਜ਼ੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਅਰੋੜਾ ਨੇ ਆਪਣੀ ਸ਼ਿਕਾਇਤ ਵਿੱਚ ਇਹ ਵੀ ਲਿਖਿਆ ਹੈ ਕਿ ਪੰਜਾਬ ਦੇ ਹਰ ਪ੍ਰਬੰਧਕੀ ਕੰਮ ਵਿੱਚ ਅਰੂਸਾ ਆਲਮ ਦਾ ਵੱਡਾ ਦਖਲ ਹੈ। ਅਰੋੜਾ ਨੇ ਕਿਹਾ ਬਿਨਾਂ ਕੋਈ ਸਰਕਾਰੀ ਅਹੁਦਾ ਰੱਖਦਿਆਂ ਇੱਕ ਪਾਕਿਸਤਾਨੀ ਪੱਤਰਕਾਰ ਪੰਜਾਬ ਦੇ ਸਰਕਾਰੀ ਕੰਮਾਂ ਵਿੱਚ ਦਖ਼ਲਅੰਦਾਜ਼ੀ ਦੇ ਰਹੀ ਹੈ। ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਸਹੁੰ ਚੁੱਕ ਸਮਾਰੋਹ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਅਰੂਸਾ ਆਲਮ ਨੂੰ ਪੰਜਾਬ ਦੇ ਵਿਧਾਇਕਾਂ ਤੋਂ ਵੱਧ ਤਵੱਜੋ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਅਰੂਸਾ ਆਲਮ ਪੰਜਾਬ ਦੇ ਮੁੱਖ ਮੰਤਰੀ ਤੋਂ ਕੰਮ ਕਰਵਾਉਣ ਦਾ ਵੱਡਾ ਜ਼ਰੀਆ ਬਣ ਚੁੱਕੀ ਹੈ। ਉਨ੍ਹਾਂ ਕਿਹਾ ਆਂਗਨਵਾੜੀ ਵਰਕਰ ਜਿਨ੍ਹਾਂ ਦਾ ਮਸਲਾ ਸਾਲਾਂ ਤੋਂ ਅਟਕਿਆ ਹੋਇਆ ਹੈ, ਜਦੋਂ ਉਨ੍ਹਾਂ ਨੇ ਅਰੂਸਾ ਆਲਮ ਦੇ ਨਾਂ ਦਾ ਡਰਾਵਾ ਦਿੱਤਾ ਤਾਂ ਪ੍ਰਸ਼ਾਸਨ ਨੇ ਉਨ੍ਹਾਂ ਦੀ ਮੀਟਿੰਗ ਨਾਲ ਹੀ ਫਿਕਸ ਕਰ ਦਿੱਤੀ। ਅਰੋੜਾ ਨੇ ਅਰੂਸਾ ਆਲਮ ਦੇ ਵੀਜ਼ਾ ਵਾਧੇ ਦੇ ਇਲਜ਼ਾਮ ਅਕਾਲੀ ਦਲ 'ਤੇ ਵੀ ਲਾਏ। ਉਨ੍ਹਾਂ ਦਾ ਕਹਿਣਾ ਹੈ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ ਦਾ ਮਕਸਦ ਇਹ ਹੈ ਕਿ ਅਰੂਸਾ ਆਲਮ ਖਿਲਾਫ ਜੇਕਰ ਕੋਈ ਕਾਰਵਾਈ ਕਰ ਸਕਦਾ ਹੈ ਤਾਂ ਉਹ ਪੀਐਮਓ ਆਫਿਸ ਕਰ ਸਕਦਾ ਹੈ।