ਅੰਮ੍ਰਿਤਸਰ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਨਾ ਲੜਨ ਦੇ ਫੈਸਲੇ ਉਪਰੰਤ ਦਿੱਲੀ ਕੂਚ ਕੀਤੇ ਸੰਸਦ ਮੈਂਬਰ ਗੁਰਜੀਤ ਔਜਲਾ ਵਾਪਸ ਆਪਣੇ ਹਲਕੇ ਵਿੱਚ ਪਰਤ ਆਏ ਹਨ। ਇੱਥੇ ਆ ਕੇ ਉਨ੍ਹਾਂ ਅੰਮ੍ਰਿਤਸਰ ਲੋਕ ਸਭਾ ਸੀਟ 'ਤੇ ਆਪਣੀ ਦਾਅਵੇਦਾਰੀ ਜਤਾਈ ਤੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਦੱਸ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕਿਸੇ ਕਿਸਮ ਦੀ ਲੌਬਿੰਗ ਨਹੀਂ ਸੀ ਕਰਨ ਗਏ।


ਉਨ੍ਹਾਂ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੋ ਸਕਦਾ ਹੈ ਪਾਰਟੀ ਨੇ ਮੇਰੇ ਕੰਨ ਵਿੱਚ ਚੋਣ ਲੜਨ ਲਈ ਕਹਿ ਦਿੱਤਾ ਹੋਵੇ। ਗੁਰਜੀਤ ਔਜਲਾ ਨੇ ਕਿਹਾ ਕਿ ਉਹ ਡਾ. ਮਨਮੋਹਨ ਸਿੰਘ ਨੂੰ ਮਿਲੇ ਸਨ ਤੇ ਉਨ੍ਹਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਪਾਰਟੀ ਜ਼ਰੂਰ ਟਿਕਟ ਦੇਵੇਗੀ। ਔਜਲਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਅੰਮ੍ਰਿਤਸਰ ਦੇ ਦਿਹਾਤੀ ਖੇਤਰ ਵਿੱਚ ਬਹੁਤ ਕੰਮ ਕੀਤਾ ਹੈ।

ਕੁਝ ਵਿਧਾਇਕਾਂ ਵੱਲੋਂ ਔਜਲਾ ਦਾ ਵਿਰੋਧ ਕੀਤੇ ਜਾਣ ਦੀਆਂ ਗੱਲਾਂ ਦਾ ਗੋਲ ਮੋਲ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੀਤੇ ਕੰਮ ਸਦਕਾ ਹੀ ਜੋ ਹਲਕੇ 1,000-1,200 ਵੋਟਾਂ 'ਤੇ ਜਿੱਤਦੇ ਸਨ ਉਹ 20-20 ਹਜ਼ਾਰ ਵੋਟਾਂ ਨਾਲ ਕਾਂਗਰਸ ਨੇ ਜਿੱਤੇ ਹਨ।