Gurjeet Aujla speaks on Sidhu Musewala's song, this song was not written by Congress
ਅੰਮ੍ਰਿਤਸਰ: ਸਿੱਧੂ ਮੂਸੇਵਾਲਾ ਦੇ ਗੀਤ 'ਤੇ ਵਿਵਾਦ ਛਿੜਣ ਮਗਰੋਂ ਕਾਂਗਰਸੀ ਲੀਡਰ ਇਸ ਨਾਲੋਂ ਆਪਣੇ ਆਪ ਨੂੰ ਵੱਖ ਕਰਨ ਲੱਗੇ ਹਨ। ਸੰਸਦ ਮੈਂਬਰ ਗੁਰਜੀਤ ਔਜਲਾ ਨੇ ਕਿਹਾ ਹੈ ਕਿ ਇਹ ਗਾਣਾ ਕਾਂਗਰਸ ਪਾਰਟੀ ਨੇ ਨਹੀਂ ਲਿਖਿਆ ਹਰ ਕਿਸੇ ਦੇ ਆਪਣੇ ਵਿਚਾਰ ਹੋ ਸਕਦੇ ਹਨ। ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਕਾਂਗਰਸ ਨੂੰ ਘੇਰ ਰਹੀ ਹੈ।
ਉਧਰ, ਪਰਗਟ ਸਿੰਘ ਨੇ ਫੇਸਬੁੱਕ ਉੱਪਰ ਪੋਸਟ ਪਾਉਂਦਿਆ ਕਿਹਾ ਹੈ ਕਿ ਇੱਕ ਗੀਤ ਨੂੰ ਮੁੱਦਾ ਬਣਾ ਕੇ ਖੇਡਾਂ ਖੇਡਣ ਦੀ ਥਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਤੁਰੰਤ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਕਿਸ ਸਮਰੱਥਾ ਤਹਿਤ ਪੰਜਾਬ ਦੇ ਮੁੱਖ ਸਕੱਤਰ ਤੇ ਹੋਰ ਉੱਚ ਅਧਿਕਾਰੀਆਂ ਨੂੰ ਦਿੱਲੀ ਤਲਬ ਕੀਤਾ ਸੀ? ਉਨ੍ਹਾਂ ਕਿਹਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਕੇਜਰੀਵਾਲ ਨਹੀਂ ਭਗਵੰਤ ਮਾਨ ਹੈ।
ਦੱਸ ਦਈਏ ਕਿ ਮਸ਼ਹੂਰ ਪੰਜਾਬੀ ਗਾਇਕ ਤੇ ਕਾਂਗਰਸੀ ਲੀਡਰ ਸਿੱਧੂ ਮੂਸੇਵਾਲਾ ਨੇ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਚੋਣਾਂ 'ਚ ਹਾਰ ਦਾ ਦਰਦ ਜ਼ਾਹਰ ਕੀਤਾ ਹੈ। ਸਿੱਧੂ ਮੂਸੇਵਾਲਾ ਨੇ ਆਪਣੇ ਹੀ ਅੰਦਾਜ਼ 'ਚ ਗੀਤ ਰਿਲੀਜ਼ ਕਰਕੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਹੋਈ ਹਾਰ 'ਤੇ ਚੁੱਪੀ ਤੋੜੀ ਹੈ। ਸਿੱਧੂ ਮੂਸੇਵਾਲਾ ਨੇ ਇਸ ਗੀਤ ਰਾਹੀਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦੇ ਆਪਣੇ ਫੈਸਲੇ ਨੂੰ ਸਹੀ ਠਹਿਰਾਇਆ ਹੈ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਹੈ ਕਿ ਉਹ ਦੱਸਣ ਕਿ ਗੱਦਾਰ ਕੌਣ ਹੈ।
ਸਿੱਧੂ ਮੂਸੇਵਾਲਾ ਨੇ ਕਿਹਾ, ''ਮੈਨੂੰ ਕਿਸੇ ਨੇ ਕਿਹਾ ਕਿ ਤੁਸੀਂ ਹਾਰ ਗਏ ਕਿਉਂਕਿ ਤੁਹਾਡੀ ਪਾਰਟੀ ਠੀਕ ਨਹੀਂ ਸੀ। ਮੈਂ ਕਿਹਾ ਕਿ ਜੇਕਰ ਤੁਸੀਂ ਸਹੀ ਹੋ ਤਾਂ ਇਸ ਪਾਰਟੀ ਨੂੰ ਪਹਿਲਾਂ ਜਿੱਤ ਕਿਉਂ ਦਵਾਈ ਗਈ। ਇਹ ਪਾਰਟੀ ਤਿੰਨ ਵਾਰ ਪਹਿਲਾਂ ਕਿਉਂ ਜਿੱਤੀ? ਫਿਰ ਮੈਨੂੰ ਜਵਾਬ ਨਹੀਂ ਮਿਲਿਆ।
ਸਿੱਧੂ ਮੂਸੇਵਾਲਾ ਨੇ ਅੱਗੇ ਕਿਹਾ ਕਿ ਹੁਣ ਦੱਸੋ ਗੱਦਾਰ ਕੌਣ ਹੈ। ਕੌਣ ਜਿੱਤਿਆ ਤੇ ਕੌਣ ਹਾਰਿਆ। ਉਨ੍ਹਾਂ ਕਿਸਾਨਾਂ ਨੂੰ ਹਰਾਇਆ। ਉਸ ਨੇ ਸਿਮਰਜੀਤ ਸਿੰਘ ਮਾਨ ਨੂੰ ਵੀ ਹਰਾਇਆ। ਹੁਣ ਦੱਸੋ ਅਸਲੀ ਗੱਦਾਰ ਕੌਣ? ਲੜਾਈ ਇਸ ਤਰ੍ਹਾਂ ਬੈਠ ਕੇ ਨਹੀਂ ਲੜੀ ਜਾਂਦੀ। ਕੌਣ ਜਿੱਤਿਆ ਕੌਣ ਹਾਰਿਆ। ਦੱਸੋ ਗੱਦਾਰ ਕੌਣ ਹੈ।''
ਸਿੱਧੂ ਮੂਸੇਵਾਲਾ ਦੀ ਟਿੱਪਣੀ 'ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਟਵੀਟ ਕਰ ਕੇ ਇਸ ਨੂੰ ਸ਼ਰਮਨਾਕ ਦੱਸਿਆ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਹੈ ਕਿ ਸਾਡੇ ਗੁਰੂ ਸਾਹਿਬ ਨੇ ਸਿਖਾਇਆ ਹੈ ਕਿ ਨਿਮਰਤਾ ਸਭ ਤੋਂ ਵੱਡਾ ਗੁਣ ਹੈ। ਹਾਰ ਨੂੰ ਆਤਮ ਨਿਰੀਖਣ ਦੇ ਸਬਕ ਵਜੋਂ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਕੇਜਰੀਵਾਲ ਨੇ ਕਿਸ ਹੈਸੀਅਤ ਨਾਲ ਪੰਜਾਬ ਦੇ ਅਫਸਰਾਂ ਨੂੰ ਦਿੱਲੀ ਤਲਬ ਕੀਤਾ: ਪਰਗਟ ਸਿੰਘ