ਚੰਡੀਗੜ੍ਹ: ਪੰਚਕੂਲਾ ਪੁਲਿਸ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਪੰਚਕੂਲਾ ‘ਚ ਹੋਏ ਦੰਗਿਆਂ ਦੇ ਮਾਮਲੇ ‘ਚ ਝਾੜ ਪੈਣ ਤੋਂ ਬਾਅਦ ਹੁਣ ਪੁਲਿਸ ਨੇ ਰਾਮ ਰਹੀਮ ਨੂੰ ਇਸ ਕੇਸ ‘ਚ ਖਿੱਚਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਡੇਰਾ ਪ੍ਰੇਮੀਆਂ ਖਿਲਾਫ ਚਲਾਨ ਪੇਸ਼ ਕਰਨ ਦੇ ਨਾਲ ਪੁਲਿਸ ਇੱਕ ਡੇਰਾ ਪ੍ਰੇਮੀ ਦੇ ਅਦਾਲਤ ‘ਚ ਧਾਰਾ 164 ਤਹਿਤ ਬਿਆਨ ਦਰਜ ਕਰਾਏ, ਜਿਸ ਨਾਲ ਅਦਾਲਤ ‘ਚ ਰਾਮ ਰਹੀਮ ਦਾ ਨਾਂਅ ਪੰਚਕੂਲਾ ‘ਚ ਹੋਏ ਦੰਗਿਆਂ ਦੇ ਸਬੰਧੀ ਪਹੁੰਚਾਇਆ ਗਿਆ। ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਡੇਰਾ ਪ੍ਰੇਮੀ ਦਾ ਨਾਂਅ ਨਹੀਂ ਦੱਸ ਸਕਦੇ। ਆਪਣੇ ਬਿਆਨਾਂ ‘ਚ ਡੇਰਾ ਪ੍ਰੇਮੀ ਨੇ ਕਿਹਾ ਕਿ ਰਾਮ ਰਹੀਮ ਨੂੰ ਪੰਚਕੂਲਾ ‘ਚ ਹੋਣ ਵਾਲੇ ਦੰਗਿਆਂ ਦੀ ਸਾਜ਼ਿਸ਼ ਬਾਰੇ ਜਾਣਕਾਰੀ ਸੀ। ਹਾਲਾਂਕਿ, ਪੁਲਿਸ ਬਾਬੇ ਨੂੰ ਇਸ ਮਾਮਲੇ ਸਬੰਧੀ ਦੋ ਵਾਰ ਰੋਹਤਕ ਦੀ ਜੇਲ੍ਹ ‘ਚ ਪੁੱਛ-ਗਿੱਛ ਕਰ ਚੁੱਕੀ ਹੈ। ਬਾਬੇ ਨੂੰ ਕੇਸ ‘ਚ ਮੁਲਜ਼ਮ ਨਹੀਂ ਸੀ ਬਣਾਇਆ ਗਿਆ। 25 ਅਗਸਤ ਨੂੰ ਰਾਮ ਰਹੀਮ ਨੂੰ ਬਲਾਤਕਾਰ ਦੇ ਮਾਮਲੇ ‘ਚ ਸਜ਼ਾ ਸੁਣਾਉਣ ਤੋਂ ਬਾਅਦ ਪੰਚਕੂਲਾ ‘ਚ ਹੋਏ ਦੰਗਿਆਂ ਦੌਰਾਨ 36 ਲੋਕਾਂ ਦੀ ਮੌਤ ਹੋ ਗਈ ਸੀ। ਪੁਲਿਸ ਨੇ ਮਾਮਲੇ ਹਨੀਪ੍ਰੀਤ ਸਮੇਤ ਹੋਰ ਡੇਰਾ ਪ੍ਰੇਮੀਆਂ ਖਿਲਾਫ ਦੇਸ਼ਧ੍ਰੋਹ ਦੀ ਧਾਰਾ ਹੇਠ ਮਾਮਲਾ ਦਰਜ ਕਰਕੇ ਚਲਾਣ ਪੇਸ਼ ਕੀਤਾ ਗਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਹਰਿਆਣਾ ਪੁਲਿਸ ਵੱਲੋਂ ਦਿੱਤੀ ਗਈ ਰਿਪੋਰਟ 'ਤੇ ਨਾਖੁਸ਼ੀ ਪ੍ਰਗਟਾਈ ਅਤੇ ਅਗਲੀ ਪੇਸ਼ੀ 'ਤੇ ਫਿਰ ਤੋਂ ਰਿਪੋਰਟ ਦੇਣ ਲਈ ਕਿਹਾ।