ਚੰਡੀਗੜ੍ਹ : ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਲਗਾਤਾਰ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਆਏ ਦਿਨ ਸੂਬੇ ਦੇ ਕਿਸੇ ਨਾ ਕਿਸੇ ਜ਼ਿਲ੍ਹੇ ਵਿੱਚ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਜਾ ਰਹੇ ਹਨ ਪਰ ਇਸ ਦੇ ਪਿੱਛੇ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦਾ ਹੱਥ ਦੱਸਿਆ ਜਾ ਰਿਹਾ ਹੈ।
ਹੁਣ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵਿਵਾਦਿਤ ਵੀਡੀਓ ਜਾਰੀ ਕੀਤੀ ਹੈ। ਜਿਸ ਵਿੱਚ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਜਿਹੜਾ CM ਭਗਵੰਤ ਮਾਨ ਦੇ ਦਫ਼ਤਰ 'ਚੋਂ ਭਗਤ ਸਿੰਘ ਦੀ ਤਸਵੀਰ ਹਟਾਏਗਾ ,ਉਸ ਨੂੰ SFJ ਵੱਲੋਂ 25 ਹਜ਼ਾਰ ਡਾਲਰ ਇਨਾਮ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਫਿਰੋਜ਼ਪੁਰ ਦੇ ਕਸਬਾ ਮੁੱਦਕੀ ਦੇ ਸਾਹਮਣੇ ਪਿੰਡ ਜੰਡ ਸਿੰਘ ਵਾਲਾ ਵਿੱਚ ਸ਼ਹੀਦ ਭਗਤ ਸਿੰਘ ਦੇ ਬੁੱਤ ਉੱਤੇ ਕਿਸੇ ਸ਼ਰਾਰਤੀ ਅਨਸਰ ਨੇ ਲਿਖਿਆ ,ਖਾਲਿਸਤਾਨ ਜ਼ਿੰਦਾਬਾਦ , “ਪੰਜਾਬ ਦਾ ਹੱਲ ਖਾਲਿਸਤਾਨ , ਭਗਤ ਸਿੰਘ ਅੱਤਵਾਦੀ । ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿੱਖ ਫਾਰ ਜਸਟਿਸ ਦੇ ਮੁਖੀ ਨੇ ਇੱਕ ਵੀਡੀਓ ਜਾਰੀ ਕਰ ਖਾਲਿਸਤਾਨ ਰੈਫਰੈਂਡਮ ਦੀ ਵੋਟਿੰਗ ਬਾਰੇ ਵੀ ਜ਼ਿਕਰ ਕੀਤਾ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਲੰਧਰ ਵਿਖੇ ਪੀਏਪੀ ਕੰਪਲੈਕਸ ਦੇ ਬਾਹਰ ਦੀਆਂ ਕੰਧ ਉੱਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਸੀ। ਬੀਤੇ ਦਿਨੀਂ ਫਰੀਦਕੋਟ ’ਚ ਸੈਸ਼ਨ ਜੱਜ ਦੀ ਕੋਠੀ ਦੇ ਬਾਹਰ ‘‘ਖਾਲਿਸਤਾਨ ਜ਼ਿੰਦਾਬਾਦ’’ ਦੇ ਨਾਅਰੇ ਲਿਖੇ ਮਿਲੇ ਸਨ। ਹਾਲਾਂਕਿ ਇਸ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਕਾਲਾ ਰੰਗ ਪਾ ਕੇ ਨਾਅਰੇ ਮਿਟਾਏ। ਸੰਗਰੂਰ 'ਚ ਸਰਕਾਰੀ ਦਫ਼ਤਰਾਂ ਦੀਆਂ ਕੰਧਾਂ 'ਤੇ ਮੁੜ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਸਨ।