ਚੰਡੀਗੜ੍ਹ: ਮੋਗਾ ਦੇ ਨਵੇਂ ਲਾਏ ਪੁਲਿਸ ਕਪਤਾਨ ਨੂੰ ਵੀ ਕੈਪਟਨ ਸਰਕਾਰ ਨੇ ਇੱਕ ਹਫ਼ਤੇ ਦੇ ਅੰਦਰ ਅੰਦਰ ਬਦਲ ਦਿੱਤਾ ਹੈ। ਐਸਐਸਪੀ ਮੋਗਾ ਕਮਲਜੀਤ ਸਿੰਘ ਢਿੱਲੋਂ ਨੂੰ ਬਦਲ ਕੇ ਏ.ਆਈ.ਜੀ. ਅਪਰਾਧ ਵਜੋਂ ਤੈਨਾਤ ਕਰ ਦਿੱਤਾ ਗਿਆ ਹੈ। ਅਜਿਹਾ ਉਨ੍ਹਾਂ ਵਿਰੁੱਧ ਰਿਸ਼ਵਤਖੋਰੀ ਦੇ ਇਲਜ਼ਾਮਾਂ ਦੀ ਜਾਂਚ ਅਧੂਰੀ ਹੋਣ ਕਰ ਕੇ ਕੀਤਾ ਗਿਆ ਹੈ।
ਢਿੱਲੋਂ ਦੀ ਥਾਂ 'ਤੇ ਹੁਣ ਗੁਰਪ੍ਰੀਤ ਸਿੰਘ ਤੂਰ ਨੂੰ ਮੋਗਾ ਦਾ ਨਵਾਂ ਐਸਐਸਪੀ ਥਾਪਿਆ ਗਿਆ ਹੈ। ਮੋਗਾ ਦੇ ਨਵੇਂ ਬਣੇ ਐਸਐਸਪੀ ਗੁਰਪ੍ਰੀਤ ਸਿੰਘ ਤੂਰ ਕੋਲ ਪੁਲਿਸ ਦੇ ਨਾਲ ਨਾਲ ਸਾਹਿਤਕ ਤਜ਼ਰਬਾ ਵੀ ਹੈ। ਤੂਰ ਨੇ ਨਸ਼ਾਗ੍ਰਸਤ ਲੋਕਾਂ ਉੱਪਰ ਅਧਿਐਨ ਕਰ ਤੇ ਆਪਣੇ ਨਿਜੀ ਤਜਰਬਿਆਂ ਨਾਲ ਕਿਤਾਬ ਵੀ ਲਿਖੀ ਹੈ। ਤੂਰ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਸੁਭਾਅ ਕਰਕੇ ਵੀ ਜਾਣੇ ਜਾਂਦੇ ਹਨ।
ਉੱਧਰ ਮੁੱਖ ਮੰਤਰੀ ਨੇ ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਤੇ ਗ੍ਰਹਿ ਵਿਭਾਗ ਨੂੰ ਬਦਲੇ ਗਏ ਪੁਲਿਸ ਅਧਿਕਾਰੀ ਵਿਰੁੱਧ ਜਾਰੀ ਜਾਂਚ ਨੂੰ ਛੇਤੀ ਪੂਰੀ ਕਰਨ ਦੇ ਹੁਕਮ ਵੀ ਦਿੱਤੇ ਹਨ। ਇਸ ਤੋਂ ਪਹਿਲਾਂ ਮੋਗਾ ਦੇ ਪੁਲਿਸ ਕਪਤਾਨ ਰਾਜਜੀਤ ਸਿੰਘ ਸਨ, ਜਿਨ੍ਹਾਂ ਵਿਰੁੱਧ ਨਸ਼ਿਆਂ ਦੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਇਸ ਕਾਰਨ ਰਾਜਜੀਤ ਸਿੰਘ ਦੀ ਵੀ ਬਦਲੀ ਕਰ ਦਿੱਤੀ ਗਈ ਹੈ।