ਲੁਧਿਆਣਾ: ਸ਼ਹਿਰ ਦੇ ਇਲਾਕੇ ਸਲੇਮ ਟਾਬਰੀ 'ਚ ਸਥਾਪਤ ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ਼ ਮਲੇ ਜਾਣ ਤੋਂ ਬਾਅਦ ਦਸਤਾਰ ਨਾਲ ਬੁੱਤ ਨੂੰ ਪੂੰਝਣ ਮਗਰੋਂ ਸੁਰਖੀਆਂ ਵਿੱਚ ਆਏ ਕਾਂਗਰਸੀ ਨੇਤਾ ਗੁਰਸਿਮਰਨ ਸਿੰਘ ਮੰਡ ਨੇ ਆਪਣੀ ਸਫ਼ਾਈ ਵੀ ਪੇਸ਼ ਕੀਤੀ ਹੈ। ਮੰਡ ਨੇ ਇਹ ਵੀ ਦੱਸਿਆ ਕਿ ਰਾਜੀਵ ਗਾਂਧੀ ਉਨ੍ਹਾਂ ਲਈ ਰੱਬ ਸਮਾਨ ਹਨ। ਉਨ੍ਹਾਂ ਬੁੱਤ 'ਤੇ ਕਾਲਖ਼ ਮਲਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਤੇ ਕਿਹਾ ਉਨ੍ਹਾਂ ਨੂੰ ਉਨ੍ਹਾਂ ਦੀ ਪਾਰਟੀ ਬਾਹਰ ਕੱਢੇ।
ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਧਾਰੀ ਹਨ ਅਤੇ ਮਰਿਆਦਾ ਵਿੱਚ ਰਹਿੰਦੇ ਹਨ। ਪਰ ਜਦ ਰਾਜੀਵ ਗਾਂਧੀ ਦੇ ਬੁੱਤ ਨੂੰ ਕਾਲਖ਼ ਮਲੇ ਜਾਣ ਦੀ ਗੱਲ ਬਾਰੇ ਪਤਾ ਲੱਗਾ ਤਾਂ ਉਹ ਰਹਿ ਨਾ ਸਕੇ ਤੇ ਤੁਰੰਤ ਮੌਕੇ 'ਤੇ ਪਹੁੰਚੇ। ਮੰਡ ਨੇ ਦੱਸਿਆ ਕਿ ਪਾਰਟੀ ਦੇ ਪ੍ਰਧਾਨ ਤੇ ਦੇਸ਼ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਸ਼ਖ਼ਸ ਦੀ ਅਜਿਹੀ ਹਾਲਤ ਦੇਖ ਕੇ ਹੈਰਾਨ ਹੋ ਗਏ। ਉਨ੍ਹਾਂ ਨੂੰ ਉੱਥੇ ਹੋਰ ਕੁਝ ਨਾ ਲੱਭਾ ਤਾਂ ਸਿਰ ਤੇ ਬੱਧੀ ਦਸਤਾਰ ਨਾਲ ਹੀ ਬੁੱਤ ਦੀ ਸਫ਼ਾਈ ਕਰ ਦਿੱਤੀ।
ਇਹ ਵੀ ਪੜ੍ਹੋ: ਗਾਂਧੀ ਦੇ ਬੁੱਤ 'ਤੇ ਮਲੀ ਅਕਾਲੀਆਂ ਦੀ ਕਾਲਖ਼ ਸਾਫ਼ ਕਰਦੇ ਕਾਂਗਰਸੀ ਨੇ ਕੀਤੀ ਦਸਤਾਰ ਦੀ 'ਬੇਅਦਬੀ'
ਮੰਡ ਨੇ ਆਪਣੇ ਕੀਤੇ ਕੰਮ ਨੂੰ ਮਜ਼ਬੂਤੀ ਦੇਣ ਲਈ ਕਿਹਾ ਕਿ ਕੀ ਭਗਵਾਨ ਦੀਆਂ ਮੂਰਤੀਆਂ ਵੀ ਤਾਂ ਪੂੰਝੀਆਂ ਜਾਂਦੀਆਂ ਹਨ ਤੇ ਰਾਜੀਵ ਸਾਡੇ ਲਈ ਰੱਬ ਸਮਾਨ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਆਪਣੀ ਪੱਗ ਲਾਹੀ ਨਾ ਕਿ ਕਿਸੇ ਹੋਰ ਦੀ ਅਤੇ ਮੈਂ ਜੋ ਵੀ ਕੀਤਾ ਆਪਣੇ ਦਿਲ ਦੀ ਆਵਾਜ਼ ਸੁਣ ਕੇ ਕੀਤਾ ਹੈ। ਮੰਡ ਨੇ ਕਿਹਾ ਕਿ ਇਹ ਉਨ੍ਹਾਂ ਦੇ ਆਪਣੇ ਸਿਧਾਂਤ ਹਨ ਅਤੇ ਕਿਸੇ ਵੀ ਆਲੋਚਨਾ ਦੀ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੈ। ਹਾਲਾਂਕਿ, ਇਸ ਮਾਮਲੇ 'ਤੇ ਹਾਲੇ ਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਈ ਪ੍ਰਤਿਕਿਰਿਆ ਸਾਹਮਣੇ ਨਹੀਂ ਆਈ ਹੈ।
ਜ਼ਿਕਰਯੋਗ ਹੈ ਕਿ ਯੂਥ ਅਕਾਲੀ ਦਲ ਦੇ ਸੀਨੀਅਰ ਲੀਡਰ ਗੁਰਦੀਪ ਸਿੰਘ ਗੋਸ਼ਾ ਤੇ ਮੀਤਪਾਲ ਸਿੰਘ ਦੁੱਗਰੀ ਨੇ ਲੁਧਿਆਣਾ ਸ਼ਹਿਰ ਵਿੱਚ ਲੱਗੇ ਹੋਏ ਰਾਜੀਵ ਦੇ ਬੁੱਤ 'ਤੇ ਕਾਲਖ਼ ਮਲ਼ ਦਿੱਤੀ, ਉੱਥੇ ਹੀ ਕਾਂਗਰਸੀਆਂ ਨੇ ਰਾਜੀਵ ਗਾਂਧੀ ਦੇ ਬੁੱਤ 'ਤੇ ਲੱਗੇ ਕਾਲੇ ਤੇ ਲਾਲ ਰੰਗ ਵਿੱਚ ਰੰਗ ਦਿੱਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਰਾਜੀਵ ਗਾਂਧੀ ਹੀ 1984 'ਚ ਸਿੱਖਾਂ ਦੇ ਕਤਲਾਂ ਦਾ ਮਾਸਟਰਮਾਈਂਡ ਸੀ। ਇਸ ਤੋਂ ਬਾਅਦ ਮੰਡ ਨੇ ਬੁੱਤ ਨੂੰ ਦੁੱਧ ਨਾਲ ਧੋਤਾ ਅਤੇ ਫਿਰ ਸਿਰ 'ਤੇ ਬੰਨ੍ਹੀ ਦਸਤਾਰ ਨਾਲ ਸਾਫ਼ ਵੀ ਕੀਤਾ।
ਸਬੰਧਤ ਖ਼ਬਰ: ਅਕਾਲੀ ਲੀਡਰਾਂ ਨੇ ਰਾਜੀਵ ਗਾਂਧੀ ਦੇ ਬੁੱਤ 'ਤੇ ਮਲੀ ਕਾਲਖ਼, ਕਾਂਗਰਸੀਆਂ ਨੇ ਦੁੱਧ ਨਾਲ ਕੀਤੀ ਸਫ਼ਾਈ