ਅੰਮ੍ਰਿਤਸਰ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਵਾਤਾਵਰਣ ਦਿਵਸ ਵਜੋਂ ਮਨਾਇਆ ਗਿਆ। ਅੱਜ ਇਸ ਪਵਿਤੱਰ ਦਿਹਾੜੇ ਮੌਕੇ ਸ੍ਰੀ ਅਖੰਡ ਪਾਠ ਸਹਿਬ ਦੇ ਭੋਗ ਪਾਏ ਗਏ ਤੇ ਇਲਾਹੀ ਗੁਰਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ। ਇਸ ਮੌਕੇ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਵਾਤਾਵਰਣ ਨੂੰ ਮੁੱਖ ਰੱਖਦਿਆਂ ਕਈ ਪੌਦੇ ਵੀ ਲਾਏ ਗਏ।


 

ਇਸ ਮੌਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਕਿਹਾ ਕਿ ਗੁਰੂ ਹਰਿਰਾਇ ਜੀ ਨੇ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਦੇ ਵਾਤਾਵਰਣ ਪ੍ਰਤੀ ਸੰਦੇਸ਼ ਨੂੰ ਅੱਗੇ ਤੋਰਦਿਆਂ ਸਮੁੱਚੀ ਮਨੁੱਖਤਾ ਦੀ ਸੇਵਾ ਕੀਤੀ ਹੈ। ਇਥੋਂ ਤੱਕ ਕਿ ਰੋਗੀਆਂ ਨੂੰ ਫੁੱਲ ਸਮਝ ਕੇ ਉਨ੍ਹਾਂ ਦੀ ਦੇਖਭਾਲ ਵੀ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਦੀ ਇਸ ਭਾਵਨਾ ਅਨੁਸਾਰ ਕਮੇਟੀ ਵੱਲੋਂ ਗੁਰਤਾਗੱਦੀ ਦਿਵਸ ਨੂੰ ਵਾਤਾਵਰਨ ਦਿਵਸ ਵਜੋਂ ਮਨਾਇਆ ਗਿਆ ਹੈ। ਇਸ ਮੌਕੇ ਮੰਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਵਾਲੇ ਬਾਗ ਵਿੱਚ ਫੁੱਲਦਾਰ ਤੇ ਸਦਾ ਬਹਾਰ ਹਰਿਆਲੀ ਵਾਲੇ ਬੂਟੇ ਲਾਏ ਗਏ।

ਇਸੇ ਤਰ੍ਹਾਂ ਗੁਰਤਾਗੱਦੀ ਦਿਹਾੜੇ ਦਾ ਮੁੱਖ ਸਮਾਗਮ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਕੀਰਤਪੁਰ ਸਾਹਿਬ ਵਿਖੇ ਕਰਵਾਇਆ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਇਸ ਪਵਿੱਤਰ ਦਿਹਾੜੇ ਨੂੰ ਵਾਤਾਵਰਨ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ 13 ਮਾਰਚ ਤੋਂ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਕਾਬਲੇਗੌਰ ਹੈ ਕਿ ਸ੍ਰੀ ਗੁਰੂ ਹਰ ਰਾਏ ਜੀ ਵੱਲੋਂ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਵਿਖੇ ਨੌਲੱਖਾ ਬਾਗ ਲਾਇਆ ਗਿਆ ਸੀ। ਇਸ ਬਾਗ ਵਿੱਚ ਅਨੇਕਾਂ ਪ੍ਰਕਾਰ ਦੀਆਂ ਜੜੀਆਂ-ਬੂਟੀਆਂ ਲਾਈਆਂ ਗਈਆਂ ਸੀ। ਗੁਰੂ ਜੀ ਇਨ੍ਹਾਂ ਤੋਂ ਦਵਾਈਆਂ ਆਦਿ ਬਣਾ ਕੇ ਇਲਾਜ ਕਰਿਆ ਕਰਦੇ ਸਨ। ਉਸ ਵਕਤ ਦਿੱਲੀ ਦੇ ਬਾਦਸ਼ਾਹ ਸ਼ਾਹ ਜਹਾਨ ਦੇ ਸਪੁੱਤਰ ਦਾਰਾ ਸ਼ਕੋਹ ਦਾ ਇਲਾਜ ਕੀਤਾ ਸੀ। ਦਾਰਾ ਸ਼ਿਕੋਹ ਦੇ ਪੇਟ ਵਿੱਚ ਸ਼ੇਰ ਦੀ ਮੁੱਛ ਦਾ ਵਾਲ ਚਲਾ ਗਿਆ ਸੀ।