ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ਵਿੱਚ ਪੇਸ਼ ਚਲਾਨ 'ਚ ਇਨ੍ਹਾਂ ਅਫਸਰਾਂ ਨੂੰ ਨਾਮਜ਼ਦ ਕੀਤਾ ਹੈ। ਇਸ ਲਈ ਇਨ੍ਹਾਂ ਅਫਸਰਾਂ ਨੂੰ ਗ੍ਰਿਫਤਾਰੀ ਦਾ ਡਰ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਅੱਜ ਚੋਣ ਕਮਿਸ਼ਨ ਨੂੰ ਮਿਲਿਆ। ਅਕਾਲੀ ਵਫਦ ਨੇ ਸਿੱਟ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਦੀ ਕਾਰਵਾਈ 'ਤੇ ਸਵਾਲ ਉਠਾਇਆ। ਅਕਾਲੀ ਦਲ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਹੁਕਮਾਂ ਮਗਰੋਂ ਕੁੰਵਰ ਵਿਜੇ ਪ੍ਰਤਾਪ ਬਦਲੀ ਹੋਣ ਦੇ ਬਾਵਜੂਦ ਕੰਮ ਕਰਦਾ ਰਿਹਾ। ਇਹ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ ਹੈ।
ਉਧਰ, ਕਾਂਗਰਸ ਸਰਕਾਰ ਵੀ ਕੁੰਵਰ ਵਿਜੇ ਪ੍ਰਤਾਪ ਨੂੰ ਲੈ ਕੇ ਘਿਰ ਗਈ ਹੈ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਕੁੰਵਰ ਨੂੰ ਸਿੱਟ ਤੋਂ ਹਟਾਇਆ ਨਹੀਂ ਗਿਆ ਸੀ ਬਲਕਿ ਕੁਝ ਸਮੇਂ ਲਈ ਲਾਂਭੇ ਕੀਤਾ ਸੀ। ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਜਾਰੀ ਕੀਤਾ ਸੀ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਸਿੱਟ ਵਿੱਚ ਵਾਪਸ ਲਿਆਂਦਾ ਗਿਆ ਹੈ। ਇਸ ਬਾਰੇ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਬਿਆਨਾਂ ਨੂੰ ਖੁਦ ਸਪੱਸ਼ਟ ਕਰ ਸਕਦੇ ਹਨ।
ਰੰਧਾਵਾ ਨੇ ਦਾਅਵਾ ਕੀਤਾ ਕਿ ਆਈਜੀ ਕੁੰਵਰ ਵਿਜੇ ਪ੍ਰਤਾਪ ਨੂੰ ਕਦੀ ਵੀ ਸਿੱਟ ਦੇ ਵਿੱਚੋਂ ਹਟਾਇਆ ਨਹੀਂ ਗਿਆ ਸੀ। ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੀ ਜਾ ਰਹੀ ਸ਼ਿਕਾਇਤ ਬਾਰੇ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਜੇਕਰ ਅਕਾਲੀ ਦਲ ਨੂੰ ਕੋਈ ਡਰ ਨਹੀਂ ਤਾਂ ਕੋਰਟ ਵਿੱਚ ਆਪਣੀ ਬੇਗੁਨਾਹੀ ਪੇਸ਼ ਕਰਨ।