ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਡੋਗਰ ਵਿੱਚ ਗੁਰਦੁਆਰਾ ਸਾਹਿਬ ਵਿਖੇ ਬੀਤੀ ਰਾਤ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨਾਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅੱਗ ਨੂੰ ਭੇਟ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਪਿੰਡ ਦੇ ਲੋਕਾਂ ਨੇ ਪੁਲਿਸ ਨੂੰ ਇਸ ਬਾਰੇ ਖ਼ਬਰ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੰਚ ਕੇ ਹਾਲਾਤ ਦਾ ਜਾਇਜ਼ਾ ਲਿਆ।   ਗੁਰਦੁਆਰੇ ਦੇ ਗ੍ਰੰਥੀ ਦਾ ਕਹਿਣਾ ਹੈ ਕਿ ਜਦੋਂ ਉਹ ਸਵੇਰੇ ਗੁਰਦੁਆਰੇ ਪਹੁੰਚਿਆ ਤਾਂ ਇਮਾਰਤ ਵਿੱਚੋਂ ਧੂਆਂ ਨਿਕਲ ਰਿਹਾ ਸੀ। ਉਸ ਨੇ ਪਿੰਡ ਵਾਲਿਆਂ ਨੂੰ ਇਸ ਦੀ ਖ਼ਬਰ ਦਿੱਤੀ। ਜਦੋਂ ਸਾਰਿਆਂ ਨੇ ਮਿਲ ਕੇ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਖੋਲ੍ਹੇ ਤਾਂ ਅੰਦਰ ਸਭ ਕੁਝ ਅੱਗ ਨੂੰ ਭੇਟ ਹੋ ਚੁੱਕਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਗੁਰਦੁਆਰੇ ਦੇ ਪੱਖੇ ਨਾਲ ਇਹ ਸ਼ਾਰਟ ਸਰਕਟ ਹੋਇਆ ਹੈ ਜਿਸ ਤੋਂ ਅੱਗ ਲੱਗ ਗਈ।   ਦੂਜੇ ਪਾਸੇ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਮਰੀਕ ਸਿੰਘ ਨੇ ਕਿਹਾ ਕਿ ਇਹ ਘਟਨਾ ਦੁੱਖਦਾਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਇਸ ਦੀ ਸੂਚਨਾ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅੱਗ ਦੀ ਭੇਟ ਹੋਏ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਨੂੰ ਸ਼੍ਰੀ ਰਾਮਸਰ ਸਾਹਿਬ ਅੰਮ੍ਰਿਤਸਰ ਲਿਜਾਇਆ ਜਾਵੇਗਾ। ਸਥਾਨਕ ਗੁਰਦੁਆਰੇ ਦੀ ਇਮਾਰਤ ਨੂੰ ਵੀ ਜਲਦੀ ਠੀਕ ਕਰਵਾਇਆ ਜਾਵੇਗਾ।