ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਟਾਕਿਆਂ ਦੇ ਲਾਇਸੈਂਸ ਅਤੇ ਛੱਡਣ ਦੇ ਬਾਰੇ ਜਿਹੜੇ ਹੁਕਮ ਦੀਵਾਲੀ 'ਤੇ ਜਾਰੀ ਕੀਤਾ ਸੀ ਉਸ ਨੂੰ ਜਾਰੀ ਰੱਖਦੇ ਹੋਏ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਤਿੰਨ ਘੰਟੇ ਦੀ ਛੋਟ ਦਿੱਤੀ ਹੈ।
ਹਾਈ ਕੋਰਟ ਦੇ ਜਸਟਿਸ ਏ ਕੇ ਮਿੱਤਲ ਅਤੇ ਜਸਟਿਸ ਅਮਿਤ ਰਾਵਲ ਦੇ ਬੈਂਚ ਨੇ ਗੁਰਪੁਰਬ 'ਤੇ ਸ਼ਾਮ 6.30 ਵਜੇ ਤੋਂ ਲੈ ਕੇ 9.30 ਵਜੇ ਤਕ ਪਟਾਕੇ ਚਲਾਉਣ ਦੀ ਛੋਟ ਦਿੱਤੀ ਹੈ। ਗੁਰਪੁਰਬ 'ਤੇ ਉਹੀ ਪਟਾਕਾ ਵਿਕਰੇਤਾ ਪਟਾਕਾ ਵੇਚਣ ਲਈ ਅਧਿਕਾਰਤ ਹੋਵੇਗਾ ਜਿਸ ਨੂੰ ਦੀਵਾਲੀ 'ਤੇ ਲਾਇਸੈਂਸ ਦਿੱਤਾ ਗਿਆ ਸੀ। ਇਸ ਦੇ ਇਲਾਵਾ ਦੀਵਾਲੀ ਦੇ ਮਾਮਲੇ 'ਚ ਹਾਈ ਕੋਰਟ ਨੇ ਜਿਹੜੇ ਹੁਕਮ ਦਿੱਤੇ ਸਨ ਉਹ ਸਾਰੇ ਹੁਕਮ ਪ੍ਰਕਾਸ਼ ਪੁਰਬ 'ਤੇ ਵੀ ਲਾਗੂ ਕੀਤੇ ਜਾਣ ਦੇ ਹੁਕਮ ਦਿੱਤੇ ਗਏ ਹਨ।
ਹਾਈ ਕੋਰਟ ਦੇ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਹਾਈ ਕੋਰਟ ਨੇ ਸਬੰਧਤ ਡੀਸੀ, ਐੱਸਐੱਸਪੀ/ਐੱਸਪੀ ਨੂੰ ਦਿੱਤੀਆਂ ਹਨ। ਇਹ ਅਧਿਕਾਰੀ ਤੈਅ ਕਰਨਗੇ ਕਿ ਹਾਈ ਕੋਰਟ ਦੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਨਾ ਹੋ ਸਕੇ। ਕਿਤੇ ਵੀ ਕੋਈ ਵਿਅਕਤੀ ਇਸ ਦੌਰਾਨ ਪਟਾਕੇ ਚਲਾਉਂਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ।
ਇਸ ਦੇ ਇਲਾਵਾ ਦੀਵਾਲੀ ਦੇ ਦਿਨ ਸਮੇਂ ਸੀਮਾ ਦੇ ਬਾਅਦ ਵੀ ਪਟਾਕੇ ਚਲਾਉਣ ਵਾਲਿਆਂ ਖ਼ਿਲਾਫ਼ ਜਿਹੜੀ ਐੱਫਆਈਆਰ ਦਰਜ ਕੀਤੀ ਗਈ ਸੀ ਉਸ 'ਤੇ ਹਾਈ ਕੋਰਟ ਨੇ ਕਿਹਾ ਸੀ ਕਿ ਉਨ੍ਹਾਂ ਦਾ ਮਕਸਦ ਕਿਸੇ ਨੂੰ ਸਜ਼ਾ ਦੇਣਾ ਨਹੀਂ ਹੈ ਬਲਕਿ ਹਾਈ ਕੋਰਟ ਇਹ ਚਾਹੁੰਦਾ ਹੈ ਕਿ ਲੋਕਾਂ 'ਚ ਇਸ ਵਿਸ਼ੇ ਨੂੰ ਲੈ ਕੇ ਜਾਗਰੂਕਤਾ ਵਧੇ।