ਬਠਿੰਡਾ: ਅੱਜ ਤੜਕਸਾਰ ਕੈਂਸਰ ਖ਼ਿਲਾਫ਼ ਬਠਿੰਡਾ ਦੀਆਂ ਸੜਕਾਂ 'ਤੇ ਇਕਜੁੱਟ ਹੋ ਕੇ ਲੋਕਾਂ ਨੇ ਮੈਰਾਥਨ ਦੌੜ ਲਾਈ। ਇਨ੍ਹਾਂ ਲੋਕ ਨੇ ਕੈਂਸਰ ਦੀ ਬੀਮਾਰੀ ਖਿਲਾਫ ਸੰਘਰਸ਼ ਛੇੜਿਆ ਹੈ। 'ਬਠਿੰਡਾ ਰਨਰਜ਼' ਵੱਲੋਂ ਲੋਕਾਂ ਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਖਿਲਾਫ਼ ਜਾਗਰੂਕ ਕਰਨ ਲਈ ਹਾਫ ਮੈਰਾਥਨ ਕਰਵਾਈ।
'ਰਨ ਟੂ ਫਾਈਟ ਅਗੇਂਸਟ ਕੈਂਸਰ' ਦੇ ਬੈਨਰ ਹੇਠ ਕਰਵਾਈ ਗਈ ਇਸ ਮੈਰਾਥਨ ਵਿੱਚ ਬਠਿੰਡਾ ਤੇ ਪੰਜਾਬ ਦੇ ਨਾਲ-ਨਾਲ ਮੁੰਬਈ, ਦਿੱਲੀ ਤੇ ਜੰਮੂ ਤੋਂ ਵੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ। ਬਠਿੰਡਾ ਦੇ ਰੋਜ਼ ਗਾਰਡਨ ਤੋਂ ਸ਼ੁਰੂ ਹੋਈ ਇਸ ਮੈਰਾਥਨ ਨੂੰ 21, 10 ਤੇ 5 ਕਿਲੋਮੀਟਰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਸੀ। ਤਕਰੀਬਨ 1200 ਤੋਂ ਵੱਧ ਲੋਕਾਂ ਨੇ ਇਸ ਮੈਰਾਥਨ ਵਿੱਚ ਹਿੱਸਾ ਲਿਆ।
2009 ਤੋਂ ਲਗਾਤਾਰ ਮੈਰਾਥਨ ਵਿੱਚ ਹਿੱਸਾ ਲੈਂਦੇ ਆ ਰਹੇ ਦੌੜਾਕ ਮਲਕੀਤ ਸਿੰਘ ਗਰੇਵਾਲ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਲੋਕਾਂ ਨੂੰ ਚੌਵੀ ਘੰਟੇ ਵਿੱਚੋਂ ਸਿਰਫ਼ ਚੌਵੀ ਮਿੰਟ ਆਪਣੇ ਲਈ ਕੱਢਣੇ ਚਾਹੀਦੇ ਹਨ। ਦੌੜ ਅਜਿਹੀ ਚੀਜ਼ ਹੈ ਜਿੱਥੇ ਇਨਸਾਨ ਫਿੱਟ ਰਹਿੰਦਾ ਹੈ, ਉੱਥੇ ਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਬਚਿਆ ਰਹਿੰਦਾ ਹੈ।
ਪੰਜ ਕਿਲੋਮੀਟਰ ਰੇਸ ਵਿੱਚ ਦੌੜੀ ਸ਼ੈਲਜਾ ਮੋਂਗਾ ਨੇ ਕਿਹਾ ਕਿ ਮੈਰਾਥਨ ਰਾਹੀਂ ਕੈਂਸਰ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਦਾ ਬਹੁਤ ਵਧੀਆ ਉਪਰਾਲਾ ਹੈ। ਨੌਜਵਾਨ ਵਰਗ ਵਿੱਚ ਕੁਝ ਵੱਖਰਾ ਕਰਨ ਲਈ ਸਹੀ ਦਿਸ਼ਾ ਪ੍ਰਦਾਨ ਕਰਦਾ ਹੈ।
ਮੈਰਾਥਨ ਦੇ ਪ੍ਰਬੰਧਕਾਂ ਨੇ ਕਿਹਾ ਕਿ ਕੈਂਸਰ ਖ਼ਿਲਾਫ਼ ਛੇੜੀ ਇਸ ਮੁਹਿੰਮ ਵਿੱਚ ਲੋਕਾਂ ਦਾ ਬਹੁਤ ਭਰਵਾਂ ਹੁੰਗਾਰਾ ਮਿਲਿਆ ਹੈ। ਭਵਿੱਖ ਵਿੱਚ ਵੀ ਅਜਿਹੀ ਮੈਰਾਥਨ ਕਰਵਾਈ ਜਾਏਗੀ। ਜ਼ਿਲ੍ਹਾ ਪੁਲਿਸ ਮੁਖੀ ਨਵੀਨ ਸਿੰਗਲਾ ਨੇ ਜਿੱਥੇ ਖ਼ੁਦ ਵੀ ਇਸ ਮੈਰਾਥਨ ਰੇਸ ਵਿੱਚ ਹਿੱਸਾ ਲਿਆ, ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਕੈਂਸਰ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਦੇ ਅਜਿਹੇ ਪ੍ਰੋਗਰਾਮਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਖੜ੍ਹਾ ਰਹੇਗਾ।