ਫਾਜ਼ਿਲਕਾ: ਪਿੰਡ ਆਜਮਵਾਲਾ ਦਾ ਮਨਦੀਪ ਸਿੰਘ ਛੇ ਦੇਸ਼ਾਂ ਦੀ ਇੰਗਲੈਂਡ ਵਿੱਚ ਹੋਣ ਜਾ ਰਹੀ T20 ਫਿਜ਼ੀਕਲ ਡਿਸੇਬਿਲਟੀ ਕ੍ਰਿਕੇਟ ਵਰਲਡ ਸੀਰੀਜ਼ ਲਈ ਚੁਣੇ ਗਏ ਹਨ। ਮਨਦੀਪ ਸਿੰਘ ਦੀ ਸਿਲੈਕਸ਼ਨ ਨਾਲ ਉਸ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਮਨਦੀਪ ਸਿੰਘ ਨੇ ਆਪਣੀ ਮਿਹਨਤ ਸਦਕੇ ਅਜਿਹਾ ਮੁਕਾਮ ਹਾਸਲ ਕੀਤਾ ਹੈ ਜੋ ਦੇਸ਼ ਲਈ ਮਿਸਾਲ ਹੈ। ਇੱਕ ਹੱਥ ਤੋਂ ਅਪਾਹਜ ਮਨਦੀਪ ਦੀ ਫਿਜ਼ੀਕਲ ਡਿਸਬਿਲਟੀ ਕ੍ਰਿਕੇਟ ਵਰਲਡ ਸੀਰੀਜ਼ ਵਿੱਚ ਚੋਣ ਹੋ ਗਈ ਹੈ।

ਬਚਪਨ ਵਿੱਚ ਘਰ 'ਚ ਲੱਗੇ ਟੋਕੇ ਵਿੱਚ ਆਉਣ ਕਰਕੇ ਮਨਦੀਪ ਦਾ ਇੱਕ ਹੱਥ ਵੱਢਿਆ ਗਿਆ ਸੀ ਪਰ ਉਹ ਨਿਰਾਸ਼ ਨਹੀਂ ਹੋਇਆ। ਉਸ ਨੇ ਆਪਣੇ ਕ੍ਰਿਕਟ ਦੇ ਸ਼ੌਕ ਨੂੰ ਪੂਰਾ ਕਰਨ ਲਈ ਮਨ ਵਿੱਚ ਠਾਣ ਲਈ ਤੇ ਪਹਿਲਾਂ ਚੰਗੀ ਬੈਟਿੰਗ ਕਰਨ ਵਾਲਾ ਮਨਦੀਪ ਅੱਜ ਇੱਕ ਹੱਥ ਦਾ ਤੇਜ਼ ਗੇਂਦਬਾਜ਼ ਬਣ ਕੇ ਉੱਭਰਿਆ। ਉਹ ਭਾਰਤੀ ਕ੍ਰਿਕਟ ਟੀਮ ਵੱਲੋਂ ਇੰਗਲੈਂਡ ਵਿੱਚ 3 ਅਗਸਤ ਨੂੰ ਸ਼ੁਰੂ ਹੋਣ ਜਾ ਰਹੇ 6 ਦੇਸ਼ਾਂ ਦੇ T20 ਵਰਲਡ ਸੀਰੀਜ਼ ਵਿੱਚ ਚੁਣਿਆ ਗਿਆ ਹੈ।

ਮਨਦੀਪ ਦੇ ਮਾਤਾ-ਪਿਤਾ ਖੇਤੀ ਕਰਦੇ ਹਨ। ਉਨ੍ਹਾਂ ਦੱਸਿਆ ਕਿ 10 ਸਾਲ ਦੀ ਉਮਰ ਵਿੱਚ ਹੀ ਮਨਦੀਪ ਨੂੰ ਕ੍ਰਿਕਟ ਖੇਡਣ ਦਾ ਬਹੁਤ ਸ਼ੌਕ ਸੀ। ਪਿੰਡ ਵਿੱਚ ਕ੍ਰਿਕਟ ਟੀਮ ਦਾ ਕਲੱਬ ਬਣਿਆ ਹੋਇਆ ਹੈ, ਜਿਸ ਵਿੱਚ ਮਨਦੀਪ ਬਹੁਤ ਚੰਗਾ ਖਿਡਾਰੀ ਸਾਬਤ ਹੋ ਰਿਹਾ ਸੀ। ਇੱਕ ਦਿਨ ਘਰ ਵਿੱਚ ਟੋਕੇ 'ਚ ਹੱਥ ਆਉਣ ਕਰਕੇ ਉਸ ਦੇ ਸੁਫਨੇ ਚਕਨਾਚੂਰ ਹੋ ਗਏ। ਹੁਣ ਉਹ ਇੱਕ ਹੱਥ ਨਾਲ ਹੀ ਤੇਜ਼ ਗੇਂਦਬਾਜ਼ ਬਣਨ ਦੀ ਪ੍ਰੈਕਟਿਸ ਕਰਨ ਲੱਗਾ।

ਮਨਦੀਪ ਨੇ ਦੇਸ਼ ਤੇ ਵਿਦੇਸ਼ਾਂ ਵਿੱਚ ਕਈ ਕ੍ਰਿਕਟ ਟੂਰਨਾਮੈਂਟਾਂ ਵਿੱਚ ਹਿੱਸਾ ਲਿਆ ਤੇ ਇਨਾਮ ਵੀ ਜਿੱਤੇ। ਮਨਦੀਪ ਸਿੰਘ ਨੇ ਦੱਸਿਆ ਕਿ ਉਹ ਬਚਪਨ ਤੋਂ ਕ੍ਰਿਕਟ ਖੇਡਣ ਦਾ ਸ਼ੌਕੀਨ ਸੀ। ਪਹਿਲਾਂ ਉਹ ਚੰਗਾ ਬੈਟਸਮੈਨ ਸੀ ਪਰ ਹੱਥ ਕੱਟੇ ਜਾਣ ਕਰਕੇ ਉਸ ਨੇ ਬੈਟਸਮੈਨ ਤੋਂ ਤੇਜ਼ ਗੇਂਦਬਾਜ਼ ਬਨਣ ਦੀ ਠਾਣ ਲਈ। ਕਈ ਸਾਲ ਦੀ ਪ੍ਰੈਕਟਿਸ ਤੇ ਮਿਹਨਤ ਬਾਅਦ ਅੱਜ ਉਸ ਨੂੰ ਸਫ਼ਲਤਾ ਮਿਲੀ ਤੇ ਉਸ ਦਾ ਬਚਪਨ ਦਾ ਸੁਫ਼ਨਾ ਪੂਰਾ ਹੋ ਗਿਆ।