ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਮਗਰੋਂ ਬਖੇੜਾ ਖਤਮ ਨਹੀਂ ਹੋਇਆ ਸਗੋਂ ਹੋਰ ਵਧਦਾ ਜਾ ਰਿਹਾ ਹੈ। ਦਰਅਸਲ ਸਿੱਧੂ ਵੱਲੋਂ ਜੋ ਸਲਾਹਕਾਰ ਨਿਯੁਕਤ ਕੀਤੇ ਗਏ ਹਨ, ਉਨ੍ਹਾਂ ਦੀਆਂ ਟਿੱਪਣੀਆਂ ਨੂੰ ਲੈ ਕੇ ਉਹ ਵਿਵਾਦਾਂ 'ਚ ਘਿਰ ਗਏ ਹਨ। ਜਿੱਥੇ ਆਪਣੀ ਹੀ ਪਾਰਟੀ ਤੋਂ ਆਲੋਚਨਾ ਹੋਈ, ਉੱਥੇ ਹੀ ਵਿਰੋਧੀ ਧਿਰਾਂ ਵੀ ਇਸ ਮੌਕੇ ਦਾ ਫਾਇਦਾ ਉਠਾਉਂਦਿਆਂ ਸਿੱਧੂ ਨੂੰ ਘੇਰ ਰਹੀਆਂ ਹਨ।


ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਸਾਲ 2019 ਦਾ ਇੱਕ ਵੀਡੀਓ ਸ਼ੇਅਰ ਕਰਕੇ ਸਿੱਧੂ 'ਤੇ ਨਿਸ਼ਾਨਾ ਸਾਧਿਆ ਹੈ, ਜਿਸ 'ਚ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਾਰੀਫ ਕਰ ਰਹੇ ਹਨ। ਹਰਦੀਪ ਪੁਰੀ ਨੇ ਟਵੀਟ ਕਰਦਿਆਂ ਦੱਸਿਆ ਕਿ ਇਹ ਵੀਡੀਓ 9 ਨਵੰਬਰ, 2019 ਦਾ ਹੈ। ਇਸ ਦਿਨ ਸ੍ਰੀ ਕਰਤਾਰਪੁਰ ਸਾਹਿਬ ਕੌਰੀਡੋਰ ਦਾ ਉਦਘਾਟਨ ਹੋਇਆ ਸੀ। ਵੀਡੀਓ 'ਚ ਸਿੱਧੂ ਇਮਰਾਨ ਖਾਨ ਨੂੰ ਇਤਿਹਾਸ ਰਚਣ ਵਾਲਾ ਦੱਸ ਰਹੇ ਹਨ।


ਹਰਦੀਪ ਪੁਰੀ ਨੇ ਟਵੀਟ ਕਰਦਿਆਂ ਕਿਹਾ, 'ਹੈਰਾਨੀ ਦੀ ਗੱਲ ਹੈ ਕਿ ਸਿੱਧੂ ਦੇ ਸਲਾਹਕਾਰ ਨੇ 9 ਨਵੰਬਰ, 2019 ਨੂੰ ਸ੍ਰੀ ਕਰਤਾਰਪੁਰ ਸਾਹਿਬ ਕੌਰੀਡੋਰ ਦੇ ਉਦਘਾਟਨ ਤੇ ਜੱਫੀ-ਪੱਪੀ ਭਾਸ਼ਣ ਤੋਂ ਪ੍ਰੇਰਣਾ ਲਈ ਹੈ। ਜਿਸ 'ਚ ਸਿੱਧੂ ਨੇ ਆਪਣੇ ਮਿੱਤਰ ਪੀਐਮ ਇਮਰਾਨ ਖਾਨ ਦੇ ਗੁਣਾਂ ਦੀ ਪ੍ਰਸ਼ੰਸਾਂ ਕੀਤੀ ਸੀ।'






ਕੀ ਕਿਹਾ ਸੀ ਸਿੱਧੂ ਦੇ ਸਲਾਹਕਾਰਾਂ ਨੇ?


ਪਿਆਰੇ ਲਾਲ ਗਰਗ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਦੀ ਕੀਤੀ ਗਈ ਆਲੋਚਨਾ 'ਤੇ ਸਵਾਲ ਕੀਤਾ ਸੀ। ਦੂਜੇ ਪਾਸੇ, ਮਾਲੀ ਨੇ ਸੰਵਿਧਾਨ ਦੀ ਧਾਰਾ 370 ਨੂੰ ਖ਼ਤਮ ਕਰਨ ਦੇ ਮੁੱਦੇ 'ਤੇ ਗੱਲ ਕੀਤੀ ਸੀ, ਜਿਸ ਤਹਿਤ ਜੰਮੂ-ਕਸ਼ਮੀਰ ਨੂੰ ਸਾਬਕਾ ਰਾਜ ਨੂੰ ਵਿਸ਼ੇਸ਼ ਦਰਜਾ ਮਿਲਿਆ।


ਉਨ੍ਹਾਂ ਨੇ ਕਥਿਤ ਤੌਰ 'ਤੇ ਕਿਹਾ ਸੀ ਕਿ ਜੇ ਕਸ਼ਮੀਰ ਭਾਰਤ ਦਾ ਹਿੱਸਾ ਸੀ ਤਾਂ ਧਾਰਾ 370 ਤੇ 35-ਏ ਹਟਾਉਣ ਦੀ ਕੀ ਲੋੜ ਸੀ। ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਸਿੱਧੂ ਨੂੰ ਕਿਹਾ ਸੀ ਕਿ ਉਹ ਆਪਣੇ ਸਲਾਹਕਾਰਾਂ ਨੂੰ ਕਾਬੂ ਹੇਠ ਰੱਖਣ।


ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਵਿੱਚ ਅਕਸਰ ਹੀ ਅਨੁਸ਼ਾਸ਼ਨਹੀਣਤਾ ਦੇ ਮਾਮਲੇ ਦੇਖੇ ਜਾਂਦੇ ਹਨ ਪਰ ਅਜਿਹਾ ਤਿੱਖਾ ਹਮਲਾ ਪਹਿਲੀ ਵਾਰ ਦੇਖਣ ਵਿੱਚ ਆਇਆ ਹੈ। ਪਾਰਟੀ ਦੇ ਨਵੇਂ ਨਵੇਂ ਪ੍ਰਧਾਨ ਬਣੇ ਨਵਜੋਤ ਸਿੱਧੂ ਦੇ ਨਵੇਂ ਸਲਾਹਕਾਰਾਂ ਨੇ ਜਿਵੇਂ ਦੀ ਬਿਆਨਬਾਜ਼ੀ ਕੀਤੀ ਹੈ, ਉਹ ਕਾਰਵਾਈ ਲਈ ਕਾਫੀ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਕੀ ਨਵਜੋਤ ਸਿੰਘ ਸਿੱਧੂ ਵੀ ਇਸ ਮਾਮਲੇ 'ਤੇ ਹਾਲੇ ਚੁੱਪੀ ਹੀ ਧਾਰੀ ਰੱਖਣਗੇ ਜਾਂ ਕੋਈ ਕਦਮ ਵੀ ਚੁੱਕਣਗੇ।