'ਨਾਨਕ ਸ਼ਾਹ ਫ਼ਕੀਰ' ਦੇ ਨਿਰਮਾਤਾ ਨੂੰ ਪੰਥ 'ਚੋਂ ਛੇਕਿਆ
ਏਬੀਪੀ ਸਾਂਝਾ | 12 Apr 2018 04:22 PM (IST)
ਅੰਮ੍ਰਿਤਸਰ: 'ਨਾਨਕ ਸ਼ਾਹ ਫ਼ਕੀਰ' ਫ਼ਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ ਸਿੱਖ ਧਰਮ 'ਚੋਂ ਕੱਢ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਵਿੱਚ ਇਹ ਫ਼ੈਸਲਾ ਲਿਆ ਗਿਆ। ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਕਾ ਨੂੰ ਗੁਰੂ ਨਾਨਕ ਦੇਵ ਜੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜੀਵਤ ਰੂਪ ਵਿੱਚ ਦਿਖਾਉਣ ਤੇ ਐਸਜੀਪੀਸੀ ਦੀ ਰੋਕ ਦੇ ਬਾਵਜੂਦ ਕਾਨੂੰਨ ਦਾ ਸਹਾਰਾ ਲੈ ਕੇ ਫ਼ਿਲਮ ਰਿਲੀਜ਼ ਕਰਨ ਲਈ ਬਜ਼ਿੱਦ ਰਹਿਣ ਕਰ ਕੇ ਇਹ ਸਜ਼ਾ ਦਿੱਤੀ ਗਈ ਹੈ। ਸਿੱਕਾ ਨੇ ਆਪਣੀ ਫ਼ਿਲਮ 'ਨਾਨਕ ਸ਼ਾਹ ਫ਼ਕੀਰ' ਲਈ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਮਨਜ਼ੂਰੀ ਤੇ ਫਿਰ ਰੋਕ ਲਾਉਣ ਤੋਂ ਬਾਅਦ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਸੀ। ਦੇਸ਼ ਦੀ ਸਿਖਰਲੀ ਅਦਾਲਤ ਨੇ ਫ਼ਿਲਮ ਨੂੰ ਪੂਰੇ ਭਾਰਤ ਵਿੱਚ ਰਿਲੀਜ਼ ਕਰਨ ਦੀ ਖੁੱਲ੍ਹ ਦਿੱਤੀ ਤੇ ਸਾਰੇ ਸੂਬਿਆਂ ਨੂੰ ਲੋੜੀਂਦੇ ਪ੍ਰਬੰਧ ਕਰਨ ਦੇ ਹੁਕਮ ਵੀ ਦਿੱਤੇ। ਹਾਲਾਂਕਿ, ਪ੍ਰੋਡਿਊਸਰ ਸਿੱਕਾ ਨੇ ਆਪਣੀ ਪਟੀਸ਼ਨ ਵਿੱਚ ਪੰਜਾਬ ਤੋਂ ਇਲਾਵਾ ਬਾਕੀ ਭਾਰਤ ਵਿੱਚ ਫ਼ਿਲਮ ਜਾਰੀ ਕਰਵਾਉਣ ਦੀ ਖੁੱਲ੍ਹ ਮੰਗੀ ਸੀ। ਫ਼ਿਲਮ ਨੂੰ ਸੈਂਸਰ ਬੋਰਡ ਤੋਂ ਪ੍ਰਵਾਨਗੀ ਵੀ ਮਿਲ ਚੁੱਕੀ ਹੈ। ਉਧਰ ਸ਼੍ਰੋਮਣੀ ਕਮੇਟੀ ਵੱਲੋਂ ਸੁਪਰੀਮ ਕੋਰਟ ਨੂੰ ਆਪਣੇ ਫ਼ੈਸਲੇ 'ਤੇ ਮੁੜ ਤੋਂ ਗ਼ੌਰ ਕਰਨ ਲਈ ਕੀਤੀ ਬੇਨਤੀ 'ਤੇ ਸੁਣਵਾਈ ਸੋਮਵਾਰ ਤਕ ਟਾਲ ਦਿੱਤੀ ਹੈ। ਇਸ ਦਾ ਮਤਲਬ ਕਿ ਫ਼ਿਲਮ 13 ਅਪ੍ਰੈਲ ਨੂੰ ਰਿਲੀਜ਼ ਹੋ ਸਕਦੀ ਹੈ।