ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਮਨੀਸ਼ ਸਿਸੋਦੀਆ 'ਤੇ ਕੀਤੀ ਟਿੱਪਣੀ ਨੂੰ ਲੈ ਕੇ ਨਸੀਹਤ ਦਿੰਦਿਆਂ ਕਿਹਾ ਕਿ ਸਿਰਸਾ ਜੀ ਤੁਸੀਂ ਤਾਂ ਰਹਿਣ ਹੀ ਦਿਓ। ️ਬੈਂਸ ਨੇ ਕਿਹਾ ਕਿ ਤੁਹਾਡੇ ਵਿਰੁੱਧ ਜੁਲਾਈ 2021 ਵਿੱਚ ਲੁਕਆਊਟ ਨੋਟਿਸ ਜਾਰੀ ਹੁੰਦਾ ਹੈ। ️ਭਾਜਪਾ ਵਿੱਚ ਸ਼ਾਮਲ ਹੁੰਦੇ ਹੀ ਤੁਹਾਡਾ ਦਾਮਨ ਸਾਫ਼ ਹੋ ਜਾਂਦਾ ਹੈ।️ ਤੁਹਾਨੂੰ Z+ ਸੁਰੱਖਿਆ ਮਿਲ ਜਾਂਦੀ ਹੈ। ਮਨੀਸ਼ ਸਿਸੋਦੀਆ ਕੱਟੜ ਇਮਾਨਦਾਰ ਹੈ, ਉਹ ਝੁਕੇਗਾ ਨਹੀਂ। ਸੱਚ ਨੂੰ ਦਬਾਇਆ ਜਾ ਸਕਦਾ ਹੈ, ਪਰ ਹਰਾਇਆ ਨਹੀਂ ਜਾ ਸਕਦਾ।


ਦਰਅਸਲ 'ਚ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਖ਼ੁਦ ਨੂੰ ਬਚਾਉਣ ਲਈ ਸਿਸੋਦੀਆ ਜੀ ਕਦੇ ਤੋਂ CM ਆਫ਼ਰ ਦਾ ਬਹਾਨਾ ਬਣਾਉਂਦੇ ਹਨ ਤੇ ਵਟਸਐਪ ਚੈਟ ਦੀ ਗੋਲੀ ਪਾਉਂਦੇ ਹਨ - ਸੱਚ ਤਾਂ ਇਹ ਹੈ ਕਿ ਮੋਦੀ ਜੀ ਦੀ ਪਾਰਟੀ ਵਿੱਚ ਦਲਾਲੀ ਖਾਣ ਵਾਲਿਆਂ ਲਈ ਕੋਈ ਥਾਂ ਨਹੀਂ ਹੈ ! ਤੁਹਾਡੇ ਵਰਗੇ ਭ੍ਰਿਸ਼ਟਾਚਾਰੀਆਂ ਲਈ ਜੇਲ੍ਹ ਹੀ ਇੱਕ ਜਗ੍ਹਾ ਬਚੀ ਹੈ।

 





ਇਸ ਤੋਂ ਪਹਿਲਾਂ ਬੀਤੇ ਕੱਲ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਬੀਜੇਪੀ 'ਤੇ ਵੱਡਾ ਇਲਜ਼ਾਮ ਲਾਉਂਦੇ ਹੋਏ ਕਿਹਾ ਸੀ ਕਿ ਉਹ ਮੈਨੂੰ ਲਾਲਚ ਦੇ ਰਹੇ ਹਨ। ਉਨ੍ਹਾਂ ਨੇ ਟਵੀਟ ਕਰਕੇ ਕਿਹਾ, ਮੈਨੂੰ ਭਾਜਪਾ ਤੋਂ ਮੈਸੇਜ ਮਿਲਿਆ ਹੈ। ਇਸ ਮੈਸੇਜ਼ ਵਿੱਚ ਕਿਹਾ ਗਿਆ ਸੀ ਕਿ ਤੁਸੀਂ ਪਾਰਟੀ ਛੱਡਦੋ, ਅਸੀਂ ਸੀਬੀਆਈ-ਈਡੀ ਕੇਸ ਬੰਦ ਕਰਵਾ ਦੇਵਾਂਗੇ। ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਕਿਹਾ, ਭਾਜਪਾ ਨੂੰ ਮੇਰਾ ਜਵਾਬ- ਮੈਂ ਮਹਾਰਾਣਾ ਪ੍ਰਤਾਪ ਦੀ ਸੰਤਾਨ ਹਾਂ, ਰਾਜਪੂਤ ਹਾਂ। ਸਿਰ ਕਟਵਾ ਲਵਾਂਗਾ ਪਰ ਭ੍ਰਿਸ਼ਟ-ਸਾਜ਼ਿਸ਼ੀਆਂ ਅੱਗੇ ਨਹੀਂ ਝੁਕਾਂਗਾ। ਮੇਰੇ ਖਿਲਾਫ ਸਾਰੇ ਕੇਸ ਝੂਠੇ ਹਨ, ਜੋ ਕਰਨਾ ਹੈ ਕਰਲੋ।

 

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਵੱਲੋਂ ਛਾਪੇਮਾਰੀ ਕੀਤੇ ਜਾਣ ਤੋਂ ਬਾਅਦ ਲਗਾਤਾਰ ਬਿਆਨਬਾਜ਼ੀ ਤੇਜ਼ ਹੁੰਦੀ ਜਾ ਰਹੀ ਹੈ। ਆਮ ਆਦਮੀ ਪਾਰਟੀ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਉਨ੍ਹਾਂ ਦੇ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਸੌਰਭ ਭਾਰਦਵਾਜ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕਰਦੇ ਹੋਏ ਦੋਸ਼ ਲਗਾਇਆ ਕਿ ਉਨ੍ਹਾਂ ਦੀ ਪਾਰਟੀ ਦੇ ਵਿਧਾਇਕਾਂ ਨੂੰ ਤੋੜਨ ਲਈ 5 ਕਰੋੜ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਪਰੇਸ਼ਨ ਲੋਟਸ ਫੇਲ੍ਹ ਕਰ ਦਿੱਤਾ ਗਿਆ ਹੈ।

 

 ਦੱਸ ਦੇਈਏ ਕਿ ਬੀਤੇ ਦਿਨੀਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਵੱਲੋਂ  ਛਾਪੇਮਾਰੀ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਕੇਜਰੀਵਾਲ ਸਰਕਾਰ ਦੀ ਨਵੀਂ ਸ਼ਰਾਬ ਨੀਤੀ ਨੂੰ ਲੈ ਕੇ ਦਿੱਲੀ ਦੇ ਉਪ ਰਾਜਪਾਲ ਵੱਲੋਂ ਸੀਬੀਆਈ ਜਾਂਚ ਦੀ ਸਿਫਾਰਿਸ਼ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਸੀਬੀਆਈ ਦੀ ਟੀਮ ਨੇ ਮਨੀਸ਼ ਸਿਸੋਦੀਆ ਦੇ ਘਰੋਂ ਫੋਨ ਤੇ ਲੈਪਟਾਪ ਸਮੇਤ ਇਲੈਕਟ੍ਰਾਨਿਕ ਯੰਤਰ ਆਪਣੇ ਕਬਜ਼ੇ ਵਿੱਚ ਲੈ ਲਏ ਹਨ।