ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਦੀ ਥਾਂ ਬਾਦਲਾਂ ਨੂੰ ਬਚਾਉਣ 'ਚ ਲੱਗੇ ਕੈਪਟਨ- 'ਆਪ' ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਇਲਜ਼ਾਮ ਲਾਇਆ ਕਿ ਕੈਪਟਨ ਸਰਕਾਰ ਬਾਦਲਾਂ ਦੇ ਇਸ਼ਾਰੇ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਇਸ ਲਈ ਹੀ ਬੇਅਦਬੀ ਮਾਮਲੇ ਵਿੱਚ ਜਿਹੋ ਜਿਹਾ ਬਾਦਲ ਚਾਹੁੰਦੇ ਸੀ, ਉਹੋ ਜਿਹਾ ਹੀ ਕੈਪਟਨ ਸਰਕਾਰ ਕੰਮ ਕਰ ਰਹੀ ਹੈ।
ਚੀਮਾ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਸ਼ੁਰੂ ਤੋਂ ਹੀ ਬਾਦਲਾਂ ਦਾ ਬਚਾਅ ਕਰ ਰਹੇ ਹਨ। ਹੁਣ ਫਿਰ ਤੋਂ ਮਾਮਲੇ ਨੂੰ ਟਾਲਣ ਲਈ ਕੈਪਟਨ ਸਰਕਾਰ ਨੇ ਇੱਕ ਹੋਰ ਨਵੀਂ SIT ਬਣਾਉਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਨਹੀਂ ਚਾਹੁੰਦੇ ਕਿ ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਹੋਵੇ ਅਤੇ ਪੀੜਤਾਂ ਨੂੰ ਇਨਸਾਫ ਮਿਲੇ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਹਾਈਕੋਰਟ ਦੇ ਡਬਲ ਬੈਚ ਕੋਲ ਅਪੀਲ ਕਰਨ ਦੀ ਥਾਂ ਸਿੰਗਲ ਬੈਚ ਦੇ ਫੈਸਲੇ ਅਨੁਸਾਰ ਤੁਰੰਤ ਨਵੀਂ ਜਾਂਚ ਕਮੇਟੀ ਬਣਾਉਣ ਦਾ ਐਲਾਨ ਕੀਤਾ, ਜਿਸ ਤੋਂ ਪਤਾ ਚਲਦਾ ਹੈ ਕਿ ਬਾਦਲਾਂ ਨੂੰ ਬਚਾਉਣ ਲਈ ਕੈਪਟਨ ਸਰਕਾਰ ਨੇ ਜਾਣਬੁੱਝ ਕੇ ਹਾਈਕੋਰਟ ਵਿੱਚ ਕੇਸ ਨੂੰ ਕਮਜ਼ੋਰ ਕਰਵਾਇਆ ਇਸੇ ਲਈ ਵਿਸ਼ੇਸ਼ ਜਾਂਚ ਕਮੇਟੀ ਦੀ ਰਿਪੋਰਟ ਖਾਰਜ ਹੋਈ ਹੈ।
ਉਨ੍ਹਾਂ ਕਿਹਾ 2016 ਵਿੱਚ ਪੰਜਾਬ ਦੇ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਖੁਦ ਕੈਪਟਨ ਅਮਰਿੰਦਰ ਸਿੰਘ ਦੇ ਖਲਿਾਫ ਚਲਦੇ ਸੀ.ਟੀ ਸੈਂਟਰ ਸਕੈਮ ਅਤੇ ਇੰਪਰੂਵਮੈਂਟ ਟਰੱਸਟ ਕੇਸਾਂ ਨੂੰ ਵਾਪਸ ਲਿਆ ਸੀ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਬਾਦਲਾਂ 'ਤੇ ਲੱਗੇ ਬੇਅਦਬੀ ਅਤੇ ਗੋਲੀਕਾਂਡ ਮਾਮਲੇ ਦੇ ਦਾਗ ਧੋ ਰਿਹਾ ਹੈ। ਬਾਦਲਾਂ ਨੂੰ ਬਚਾਉਣ ਲਈ ਹੀ ਕੈਪਟਨ ਸਰਕਾਰ ਨੇ ਵਾਰ-ਵਾਰ ਜਾਂਚ ਕਮਿਸ਼ਨ ਅਤੇ ਵਿਸ਼ੇਸ਼ ਜਾਂਚ ਕਮੇਟੀਆਂ ਬਣਾਈਆਂ ਤਾਂ ਜੋ ਇਸ ਮਾਮਲੇ ਨੂੰ ਲਮਕਾਇਆ ਜਾ ਸਕੇ।
ਕੈਬਨਿਟ ਮੰਤਰੀ ਸਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫਿਆਂ ਤੇ ਟਿੱਪਣੀ ਕਰਦਿਆਂ ਚੀਮਾ ਨੇ ਕਿਹਾ ਕਿ ਸੁਨੀਲ ਜਾਖੜ ਅਤੇ ਮੰਤਰੀ ਰੰਧਾਵਾ ਇਹ ਕੇਵਲ ਡਰਾਮਾ ਕਰ ਰਹੇ ਹਨ। ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਨਾਲ ਮਿਲੇ ਹੋਏ ਹਨ ਅਤੇ ਉਨ੍ਹਾਂ ਨੂੰ ਬਚਾਅ ਰਹੇ ਹਨ। ਇਸ ਲਈ ਡਰਾਮਾ ਕਰਨ ਦੀ ਥਾਂ ਕਾਂਗਰਸੀ ਲੀਡਰਾਂ ਨੂੰ ਬੇਅਦਬੀ ਅਤੇ ਗੋਲੀਕਾਂਡ ਮਾਮਲੇ ਵਿੱਚ ਸਿੱਖ ਪੰਥ ਅਤੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿਵਾਉਣਾ ਚਾਹੀਦਾ ਹੈ।