ਕੁਰਸੀ ਆਪਣੇ ਮੁੰਡਿਆਂ ਲਈ ਤੇ ਸਿਰ ਵਰਕਰਾਂ ਦੇ ਕਿਉਂ ਦਿੰਦੇ ਅਕਾਲੀ?
ਏਬੀਪੀ ਸਾਂਝਾ | 16 Jan 2018 05:30 PM (IST)
ਚੰਡੀਗੜ੍ਹ: "ਮੈਂ ਜੋ ਬਿਆਨ ਦਿੱਤਾ ਸੀ, ਉਸ ਲਈ ਖੇਦ ਪ੍ਰਗਟ ਕਰਦਾ ਹਾਂ ਪਰ ਮੈਂ ਕਿਸੇ ਦਾ ਸਿਰ ਵੱਢਣ ਦੀ ਗੱਲ ਨਹੀਂ ਕਹੀ। ਚੰਦੂਮਾਜਰਾ ਰਾਜਨੀਤੀ 'ਚ ਕਰ ਰਹੇ ਹਨ। ਉਹ ਆਪਣੇ ਮੁੰਡੇ ਦਾ ਨਹੀਂ ਵਰਕਰਾਂ ਦੇ ਸਿਰ ਦੇਣ ਦੀ ਗੱਲ ਕਰ ਰਹੇ। ਆਪਣੇ ਮੁੰਡੇ ਨੂੰ ਸਿਰਫ ਕੁਰਸੀਆਂ ਦਿਵਾਉਣ ਦੀ ਗੱਲ ਕਰਦੇ ਹਨ ਤੇ ਦੂਜਿਆਂ ਦੇ ਮੁੰਡਿਆਂ ਦਾ ਸਿਰ ਲੈਂਦੇ ਹਨ।" ਵਿਵਾਦਾਂ 'ਚ ਫਸੇ ਕਾਂਗਰਸ ਲੀਡਰ ਹੈਰੀ ਮਾਨ ਨੇ 'ABP ਸਾਂਝਾ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਉਹ ਯਕੀਨ ਦਿਵਾਉਂਦੇ ਹਨ ਕਿ ਅੱਗੇ ਤੋਂ ਕਦੇ ਅਜਿਹਾ ਸ਼ਬਦ ਨਹੀਂ ਵਰਤਣਗੇ ਤੇ ਲੋਕਤੰਤਰ ਵਿੱਚ ਇਹ ਠੀਕ ਨਹੀਂ। ਉਨ੍ਹਾਂ ਕਿਹਾ ਕਿ ਚੰਦੂਮਾਜਰਾ ਉਦੋਂ ਕਿਉਂ ਨਹੀਂ ਬੋਲੇ ਜਦੋਂ ਬਿਕਰਮ ਮਜੀਠੀਆ ਨੇ ਕਿਹਾ ਸੀ ਕਿ ਉਹ ਕੈਪਟਨ ਦਾ ਸਿਰ ਵੱਢ ਕੇ ਬਾਦਲ ਦੇ ਪੈਰਾਂ ਵਿੱਚ ਧਰ ਦੇਣਗੇ। ਉਨ੍ਹਾਂ ਕਿਹਾ ਕਿ ਚੰਦੂਮਾਜਰਾ ਅਕਾਲ ਤਖ਼ਤ ਸਾਹਿਬ ਨੂੰ ਆਪਣੇ ਨਿੱਜੀ ਮਕਸਦ ਲਈ ਵਰਤ ਰਹੇ ਹਨ। ਹੈਰੀ ਮਾਨ ਨੇ ਕਿਹਾ, "ਮੈਂ ਤੇ ਚੰਦੂਮਾਜਰਾ ਯੂਨੀਵਰਸਿਟੀ ਸਮੇਂ ਦੇ ਦੋਸਤ ਹਾਂ ਤੇ ਉਸ ਨੂੰ ਇਸ ਤਰ੍ਹਾਂ ਦੀ ਸਿਆਸਤ ਨਹੀਂ ਕਰਨੀ ਚਾਹੀਦੀ। ਉਹ ਮੇਰੇ ਨਾਲ ਨਿੱਜੀ ਰੰਜਿਸ਼ ਰੱਖ ਰਹੇ ਹਨ ਜੋ ਉਨ੍ਹਾਂ ਲਈ ਚੰਗੀ ਗੱਲ ਨਹੀਂ।"