ਰਵੀ ਇੰਦਰ ਸਿੰਘ 

ਚੰਡੀਗੜ੍ਹ: ਇੱਕੀਵੀਂ ਸਦੀ ਦੇ ਸ਼ੁਰੂ ਵਿੱਚ ਆਪਣਾ ਸਿਆਸੀ ਕਰੀਅਰ ਸ਼ੁਰੂ ਕਰਨ ਵਾਲੇ ਰਾਣਾ ਗੁਰਜੀਤ ਸਿੰਘ ਦਾ ਅੱਜ ਪੰਜਾਬ ਦੀ ਸਿਆਸਤ ਵਿੱਚ ਵੱਡਾ ਨਾਂਅ ਹੈ। ਇਹ ਇਤਫਾਕ ਹੀ ਸੀ ਕਿ ਇੱਕ ਸਨਅਤਕਾਰ ਵਜੋਂ ਸਥਾਪਤ ਰਾਣਾ ਗੁਰਜੀਤ ਰਾਜਨੀਤੀ ਵਿੱਚ ਆ ਗਏ। ਅੱਜ ਰਾਣਾ ਗੁਰਜੀਤ ਪੰਜਾਬ ਦੀ ਕਾਂਗਰਸ ਸਰਕਾਰ ਵਿੱਚ ਬਿਜਲੀ ਤੇ ਸਿੰਚਾਈ ਮੰਤਰੀ ਹਨ। ਕਾਂਗਰਸ ਸਰਕਾਰ ਬਣਨ ਤੋਂ ਬਾਅਦ ਰਾਣਾ 'ਤੇ ਰੇਤ ਖੱਡ ਦੀ ਨਿਲਾਮੀ 'ਚ ਧਾਂਦਲੀਆਂ ਦੇ ਇਲਜ਼ਾਮ ਲੱਗੇ ਹਨ। ਮੰਨਿਆ ਜਾ ਰਿਹਾ ਹੈ ਕਿ ਰਾਣਾ ਗੁਰਜੀਤ ਨੇ ਇਨ੍ਹਾਂ ਇਲਜ਼ਾਮਾਂ ਦੇ ਦਬਾਅ ਹੇਠ ਹੀ ਮੁੱਖ ਮੰਤਰੀ ਨੂੰ ਆਪਣਾ ਅਸਤੀਫਾ ਪੇਸ਼ ਕੀਤਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਰਾਣਾ ਗੁਰਜੀਤ ਕੌਣ ਹੈ ਤੇ ਕਿਸ ਤਰ੍ਹਾਂ ਉਹ ਪੰਜਾਬ ਤੇ ਪੰਜਾਬ ਦੀ ਸਿਆਸਤ ਵਿੱਚ ਪਹੁੰਚੇ-

ਉੱਤਰਾਖੰਡ ਦੇ ਜੰਮਪਲ ਰਾਣਾ-

ਰਾਣਾ ਗੁਰਜੀਤ ਸਿੰਘ ਉੱਤਰ ਪ੍ਰਦੇਸ਼ ਦੇ ਊਧਮ ਸਿੰਘ ਨਗਰ ਦੇ ਬਾਜ਼ਪੁਰ (ਹੁਣ ਉੱਤਰਾਖੰਡ) ਵਿੱਚ 19 ਅਪ੍ਰੈਲ 1952 ਨੂੰ ਪੈਦਾ ਹੋਏ। ਰਾਣਾ ਗੁਰਜੀਤ ਸਿੰਘ ਦੇ ਪਰਿਵਾਰ ਦਾ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਬਿਜ਼ਨੈੱਸ ਹੈ ਪਰ 1989 ਵਿੱਚ ਉਹ ਆਪ ਪੰਜਾਬ ਵਿੱਚ ਆਪਣਾ ਕਾਰੋਬਾਰ ਸਥਾਪਤ ਕਰਨ ਲਈ ਆ ਗਏ। ਰਾਣਾ ਗੁਰਜੀਤ ਨੇ ਮੈਟ੍ਰਿਕ ਤਕ ਹੀ ਪੜ੍ਹਾਈ ਕੀਤੀ ਤੇ ਬਾਅਦ ਵਿੱਚ ਆਪਣੇ ਪਰਿਵਾਰਕ ਕਾਰੋਬਾਰ ਵਿੱਚ ਕੁੱਦ ਪਏ।

ਇਨ੍ਹਾਂ ਸਨਅਤਾਂ ਦੇ ਮਾਲਕ ਰਾਣਾ ਗੁਰਜੀਤ-

ਮੌਜੂਦਾ ਸਮੇਂ ਵਿੱਚ ਰਾਣਾ ਗੁਰਜੀਤ ਪੰਜਾਬ ਦੇ ਵੱਡੇ ਸ਼ਰਾਬ ਤੇ ਖੰਡ ਨਿਰਮਾਤਾਵਾਂ ਵਿੱਚੋਂ ਇੱਕ ਹਨ। ਰਾਣਾ ਗੁਰਜੀਤ ਨੇ ਬੀਤੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਜਾਇਦਾਦ 170 ਕਰੋੜ ਦੱਸੀ ਸੀ ਜੋ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਐਲਾਨੀ ਜਾਇਦਾਦ ਤੋਂ ਤਕਰੀਬਨ ਤਿੰਨ ਗੁਣਾ ਵਧੇਰੇ ਹੈ। ਉਹ ਪੰਜਾਬ ਦੇ ਮੌਜੂਦਾ ਵਿਧਾਇਕਾਂ ਵਿੱਚੋਂ ਸਭ ਤੋਂ ਅਮੀਰ ਵੀ ਹਨ।



ਰਾਣਾ ਗੁਰਜੀਤ ਨੇ ਵਪਾਰ ਵਿੱਚ ਆਪਣੀ ਸ਼ੁਰੂਆਤ ਕਾਗ਼ਜ਼ ਫੈਕਟਰੀ ਤੋਂ ਕੀਤੀ ਸੀ ਤੇ ਅੱਜ ਉਹ ਖੰਡ, ਪੌਲੀਕੌਟ, ਲੈਦਰ, ਸ਼ਰਾਬ, ਊਰਜਾ, ਪਾਵਰ ਤੇ ਗ੍ਰੀਨ ਪਾਵਰ ਸਮੇਤ ਕੁੱਲ 10 ਵੱਡੀਆਂ ਸਨਅਤਾਂ ਦੇ ਮਾਲਕ ਹਨ।

ਸਿਆਸੀ ਜੀਵਨ ਦੀ ਸ਼ੁਰੂਆਤ-

ਰਾਣਾ ਗੁਰਜੀਤ ਸਿੰਘ ਦਾ ਸਿਆਸਤ ਵਿੱਚ ਦਾਖ਼ਲਾ ਇਤਫਾਕ ਨਾਲ ਹੀ ਹੋਇਆ ਸੀ। 1999 ਵਿੱਚ ਤਤਕਾਲੀ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਆਦਪੁਰ ਜ਼ਿਮਨੀ ਚੋਣ ਦੇ ਪ੍ਰਚਾਰ ਲਈ ਗਏ ਹੋਏ ਸਨ ਤਾਂ ਉੱਥੇ ਰਾਣਾ ਗੁਰਜੀਤ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਹੋਈ। ਕੈਪਟਨ ਨੂੰ ਰਾਣਾ ਆਪਣੇ ਕਿਸੇ ਵਪਾਰਕ ਸਮੱਸਿਆ ਸਬੰਧੀ ਮਿਲੇ ਸਨ।



ਕਪੂਰਥਲਾ ਨਾਲ ਕੋਈ ਸਬੰਧ ਨਾ ਹੋਣ ਦੇ ਬਾਵਜੂਦ 2002 ਵਿੱਚ ਕਾਂਗਰਸ ਨੇ ਰਾਣਾ ਗੁਰਜੀਤ ਨੂੰ ਉੱਥੋਂ ਐਮ.ਐਲ.ਏ. ਦੀ ਟਿਕਟ ਦਿੱਤੀ ਤੇ ਉਹ ਵਿਧਾਇਕ ਵੀ ਬਣੇ। ਇਸ ਤੋਂ ਦੋ ਸਾਲ ਬਾਅਦ ਕੈਪਟਨ ਅਮਰਿੰਦਰ ਦੇ ਸੱਦੇ 'ਤੇ ਰਾਣਾ ਗੁਰਜੀਤ ਨੇ ਜਲੰਧਰ ਤੋਂ ਲੋਕ ਸਭਾ ਚੋਣ ਜਿੱਤੀ। ਆਪਣੀ ਕਪੂਰਥਲਾ ਸੀਟ 'ਤੇ ਉਨ੍ਹਾਂ ਆਪਣੀ ਭਾਬੀ ਸੁਖਜਿੰਦਰ ਕੌਰ ਰਾਣਾ ਨੂੰ ਜ਼ਿਮਨੀ ਚੋਣ ਲੜਾਈ ਤੇ ਵਿਧਾਇਕਾ ਬਣਾਇਆ।

ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਰਾਣਾ ਗੁਰਜੀਤ ਦੀ ਪਤਨੀ ਹਰਬੰਸ ਕੌਰ ਰਾਣਾ ਕਪੂਰਥਲਾ ਤੋਂ ਵਿਧਾਇਕਾ ਬਣੀ। 2009 ਵਿੱਚ ਪਾਰਟੀ ਨੇ ਰਾਣਾ ਨੂੰ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਲੜਾਇਆ ਪਰ ਉਹ ਹਾਰ ਗਏ। 2012 ਵਿੱਚ ਰਾਣਾ ਮੁੜ ਕਪੂਰਥਲਾ ਤੋਂ ਵਿਧਾਇਕ ਚੁਣੇ ਗਏ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਰਾਣਾ ਗੁਰਜੀਤ ਕਪੂਰਥਲਾ ਤੋਂ ਵਿਧਾਇਕ ਚੁਣੇ ਗਏ ਹਨ ਤੇ ਬਾਅਦ ਵਿੱਚ ਬਿਜਲੀ ਤੇ ਸਿੰਚਾਈ ਮੰਤਰੀ ਵੀ ਬਣੇ।

ਰਾਣਾ ਗੁਰਜੀਤ 'ਤੇ ਕੀ ਇਲਜ਼ਾਮ-

ਰਾਣਾ ਗੁਰਜੀਤ ਤੇ ਉਨ੍ਹਾਂ ਦੇ ਪੁੱਤਰ 'ਤੇ ਤਾਜ਼ਾ ਇਲਜ਼ਾਮ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਲਾਏ ਹਨ। ਬੀਤੀ 6 ਜਨਵਰੀ ਨੂੰ ਉਨ੍ਹਾਂ ਕਿਹਾ ਸੀ ਕਿ ਰਾਣਾ ਦੇ ਪੁੱਤਰ ਨੂੰ ਈ.ਡੀ. ਵੱਲੋਂ ਮਨੀ ਲਾਂਡਰਿੰਗ ਤੇ ਫੇਮਾ ਦੀ ਉਲੰਘਣਾ ਕੀਤੇ ਜਾਣ ਦਾ ਨੋਟਿਸ ਭੇਜਿਆ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਅਜੇ ਵੀ ਚੁੱਪ ਹਨ। ਖਹਿਰਾ ਨੇ ਰਾਣਾ 'ਤੇ ਇਲਜ਼ਾਮ ਲਾਉਂਦਿਆਂ ਇਹ ਵੀ ਕਿਹਾ ਸੀ ਕਿ ਉਹ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ ਆਪਣੇ ਵਪਾਰ ਨੂੰ ਪੰਜਾਬ ਤੇ ਦੁਨੀਆ ਦੇ ਹੋਰ ਕੋਨਿਆਂ ਵਿੱਚ ਪਸਾਰਨਾ ਚਾਹੁੰਦਾ ਹੈ।



ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਦੇ ਨਾਲ ਨਾਲ ਅਕਾਲੀ ਦਲ ਨੇ ਵੀ ਰਾਣਾ ਗੁਰਜੀਤ ਨੇ ਰੇਤੇ ਦੀਆਂ ਖੱਡਾਂ ਦੀ ਨਿਲਾਮੀ ਵਿੱਚ ਆਪਣਾ ਪੈਸਾ ਲਾਉਣ ਦੇ ਇਲਜ਼ਾਮ ਲਾਏ ਸਨ। ਕੁਝ ਦਿਨ ਪਹਿਲਾਂ ਰਾਣਾ ਗੁਰਜੀਤ ਵੱਲੋਂ '84 ਸਿੱਖ ਕਤਲੇਆਮ ਵਿੱਚ ਕਾਂਗਰਸ ਨੂੰ ਕਲੀਨ ਚਿੱਟ ਦੇਣ ਦੇ ਮੁੱਦੇ 'ਤੇ ਵਿਰੋਧੀਆਂ ਨੇ ਖ਼ੂਬ ਖਰੀਆਂ ਖੋਟੀਆਂ ਸੁਣਾਈਆਂ ਸਨ।

ਹੁਣ ਬਿਨਾ ਕਿਸੇ ਇਲਜ਼ਾਮ ਦਾ ਜ਼ਿਕਰ ਕਰਦਿਆਂ ਰਾਣਾ ਗੁਰਜੀਤ ਨੇ ਏ.ਬੀ.ਪੀ. ਸਾਂਝਾ ਨੂੰ ਇਹ ਦੱਸਿਆ ਕਿ ਉਨ੍ਹਾਂ ਨੈਤਿਕਤਾ ਦੇ ਆਧਾਰ 'ਤੇ 4 ਜਨਵਰੀ ਨੂੰ ਲਿਖਤੀ ਤੌਰ 'ਤੇ ਆਪਣਾ ਅਸਤੀਫਾ ਮੁੱਖ ਮੰਤਰੀ ਨੂੰ ਭੇਜ ਦਿੱਤਾ ਹੈ ਤੇ ਹੁਣ ਮੁੱਖ ਮੰਤਰੀ ਦੀ ਮਰਜ਼ੀ ਹੈ ਕਿ ਉਹ ਅਸਤੀਫਾ ਪ੍ਰਵਾਨ ਕਰਨ ਜਾਂ ਨਾਂ। ਉੱਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਿਹਾ ਕਿ ਰਾਣਾ ਗੁਰਜੀਤ ਦਾ ਅਸਤੀਫਾ ਹਾਲੇ ਪ੍ਰਵਾਨ ਨਹੀਂ ਕੀਤਾ ਗਿਆ ਹੈ, ਇਸ ਬਾਰੇ ਵਿਚਾਰ-ਚਰਚਾ ਹੋਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ।