Punjab News : ਕੇਂਦਰੀ ਜਾਂਚ ਏਜੰਸੀ (ਐਨ.ਆਈ.ਏ) ਨੇ ਖੰਨਾ ਪੁਲਿਸ ਵੱਲੋਂ ਬੇਨਕਾਬ ਕੀਤੇ ਅੰਤਰਰਾਸ਼ਟਰੀ ਗੈਂਗਸਟਰ ਮਾਡਿਉਲ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਹਰਸਿਮਰਨਜੀਤ ਸਿੰਘ ਸਿੰਮਾ ਵਾਸੀ ਅੰਮ੍ਰਿਤਸਰ ਜੋ ਕਿ ਪੇਸ਼ੇ ਵਜੋਂ ਟਰੱਕ ਡਰਾਈਵਰ ਸੀ। ਇਸਦਾ ਸੰਪਰਕ ਅਮਰੀਕਾ ਬੈਠੇ ਅੰਮ੍ਰਿਤ ਬਲ ਦੇ ਨਾਲ ਉਸਦੀ ਮਹਿਲਾ ਸਾਥੀ ਦਲਜੀਤ ਕੌਰ ਮਾਣੋ ਨੇ ਕਰਵਾਇਆ ਸੀ। 


 

ਹਰਸਿਮਰਨਜੀਤ ਸਿੰਮਾ ਟਰੱਕ ਡਰਾਈਵਰੀ ਦੀ ਆੜ 'ਚ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਤੋਂ ਹਥਿਆਰਾਂ ਦੀ ਸਪਲਾਈ ਪੰਜਾਬ ਕਰਦਾ ਸੀ। ਸ਼ਮਸ਼ੇਰ ਸਿੰਘ ਸ਼ੇਰਾ ਵਾਸੀ ਅੰਮ੍ਰਿਤਸਰ ਅਤੇ ਸਰਬਜੋਤ ਸਿੰਘ ਸਾਬੀ ਸੰਧੂ ਵਾਸੀ ਅੰਮ੍ਰਿਤਸਰ ਵੀ ਉਸਦਾ ਸਾਥ ਦਿੰਦੇ ਸੀ। ਇਸ ਤੋਂ ਪਹਿਲਾਂ ਬੀਤੇ ਕੱਲ ਐਨਆਈਏ ਦੀ ਇੱਕ ਟੀਮ ਖੰਨਾ ਪੁੱਜੀ ਸੀ ਤੇ ਇਸ ਦੌਰਾਨ ਐਸਐਸਪੀ ਦਫ਼ਤਰ ਵਿਖੇ ਪੁਲਿਸ ਅਫ਼ਸਰਾਂ ਨਾਲ ਮੀਟਿੰਗ ਕੀਤੀ ਸੀ।

 


 

ਦੱਸ ਦਈਏ ਕਿ ਖੰਨਾ ਪੁਲਿਸ ਨੇ ਪਿਛਲੇ ਦਿਨੀਂ ਬੱਬਰ ਖ਼ਾਲਸਾ ਦੇ ਗੈਂਗਸਟਰਾਂ ਅੰਮ੍ਰਿਤ ਬੱਲ, ਪ੍ਰਗਟ ਸੇਖੋਂ ਅਤੇ ਜੱਗੂ ਭਗਵਾਨਪੁਰੀਆ ਦੇ 13 ਗੁਰਗਿਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਸੀ। ਇਸ ਮਾਮਲੇ 'ਚ ਖੰਨਾ ਪੁਲਿਸ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਜੇਲ੍ਹ ਤੋਂ ਲਿਆਉਣ ਦੀ ਤਿਆਰੀ ਕਰ ਰਹੀ ਸੀ ਕਿ ਇਸ ਤੋਂ ਪਹਿਲਾਂ ਐਨਆਈਏ ਨੇ ਇਸ ਅੰਤਰਰਾਸ਼ਟਰੀ ਗੈਂਗਸਟਰ ਮਾਡਿਊਲ 'ਚ ਐਂਟਰੀ ਕੀਤੀ ਹੈ।

 


 

ਗੈਂਗਸਟਰ ਅੰਮ੍ਰਿਤ ਬੱਲ ਤੇ ਜੱਗੂ ਭਗਵਾਨਪੁਰੀਆ ਦੇ ਗੈਂਗ ਪੰਜਾਬ, ਰਾਜਸਥਾਨ ਤੇ ਹਰਿਆਣਾ ’ਚ ਟਾਰਗੇਟ ਕਿਲਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੀ ਪਲਾਨਿੰਗ ਕਰ ਕਰ ਰਹੇ ਹਨ। ਉਹ ਖੁਲਾਸਾ ਖੰਨਾ ਪੁਲਿਸ ਵੱਲੋਂ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਹੋਇਆ ਹੈ। ਇਹ ਸਾਰੇ ਗੈਂਗਸਟਰ ਅੰਮ੍ਰਿਤ ਬੱਲ ਤੇ ਜੱਗੂ ਭਗਵਾਨਪੁਰੀਆ ਦੇ ਗੈਂਗ ਨਾਲ ਸਬੰਧਤ ਹਨ।

 

ਗੈਂਗਸਟਰ ਅੰਮ੍ਰਿਤ ਬੱਲ ਦਾ ਪੰਜਾਬ ’ਚ ਸਾਰਾ ਕਤਲ ਦਾ ਕੰਮ ਹਰਸਿਮਰਨਜੀਤ ਸਿੰਘ ਉਰਫ਼ ਸਿੰਮਾ ਦੇਖਦਾ ਸੀ। ਪੁਲਿਸ ਨੇ ਇਸ ਦੇ ਨਾਲ ਹੀ 24 ਦਸੰਬਰ ਨੂੰ ਗੈਂਗਸਟਰ ਦੀ ਖਾਸ ਦਲਜੀਤ ਕੌਰ ਉਰਫ਼ ਮਾਣੋ ਨੂੰ ਗ੍ਰਿਫ਼ਤਾਰ ਕਰ ਲਿਆ। ਮਾਣੋਂ ਦੇ ਖੁਲਾਸੇ ਤੋਂ ਬਾਅਦ ਪੁਲਿਸ ਨੇ ਵਾਰਸ ਅਲੀ ਤੇ ਰਫ਼ੀ ਨੂੰ ਕਾਬੂ ਕੀਤਾ ਹੈ। ਉਨ੍ਹਾਂ 14 ਟਾਰਗੇਟ ਪਛਾਣ ਕੀਤੇ ਸਨ, ਜਿਨ੍ਹਾਂ ਦਾ ਕਤਲ ਕਰਨਾ ਸੀ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਖੰਨਾ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਬੱਬਰ ਖਾਲਸਾ ਨਾਲ ਜੁੜੇ ਅਤੇ ਵਿਦੇਸ਼ਾਂ 'ਚ ਬੈਠੇ ਗੈਂਗਸਟਰ ਅੰਮ੍ਰਿਤ ਬੱਲ, ਪਰਗਟ ਸੇਖੋਂ ਅਤੇ ਜੱਗੂ ਭਗਵਾਨਪੁਰੀਆ ਦੇ 13 ਗੁਰਗਿਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ। ਪੁਲਿਸ ਦਾ ਇਹ ਆਪ੍ਰੇਸ਼ਨ ਕਰੀਬ ਡੇਢ ਮਹੀਨਾ ਚੱਲਿਆ। ਜਿਸ ਵਿੱਚ 13 ਗੈਂਗਸਟਰਾਂ ਨੂੰ ਕਾਬੂ ਕਰਕੇ ਹਥਿਆਰ ਬਰਾਮਦ ਕੀਤੇ ਗਏ ਹਨ। ਵਿਦੇਸ਼ਾਂ 'ਚ ਬੈਠੇ ਗੈਂਗਸਟਰ ਇਹਨਾਂ ਵਿਅਕਤੀਆਂ ਨੂੰ ਸ਼ਾਰਪ ਸ਼ੂਟਰ ਬਣਾ ਕੇ ਪੰਜਾਬ ਅੰਦਰ ਟਾਰਗੇਟ ਕਿਲਿੰਗ ਕਰਵਾਉਣਾ ਚਾਹੁੰਦੇ ਸੀ। ਪੰਜਾਬ ਦੇ 5 ਵੱਡੇ ਚਿਹਰਿਆਂ ਨੂੰ ਜਾਨੋਂ ਮਾਰਨ ਦੀ ਤਿਆਰੀ ਸੀ ਤਾਂ ਪਹਿਲਾਂ ਹੀ ਖੰਨਾ ਪੁਲਿਸ ਨੇ ਇਸ ਗੈਂਗ ਨੂੰ ਨੱਥ ਪਾ ਲਈ ਹੈ।