ਬਠਿੰਡਾ: ਕੇਂਦਰੀ ਮੰਤਰੀ ਹਰਸਮਿਰਤ ਬਾਦਲ ਨੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਖਿਲਾਫ ਕਾਂਗਰਸ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ 'ਤੇ ਬੋਲਦੇ ਕਿਹਾ ਕਿ ਪਹਿਲਾਂ ਪੰਜਾਬ ਆ ਕੇ ਸੂਬੇ ਦੀ ਸਰਕਾਰ ਨੂੰ ਕੁਝ ਪੈਸੇ ਘਟਾਉਣ ਲਈ ਕਹਿਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਸਮੇਂ ਡਰਾਮਾ ਕਰਦੀ ਆ ਰਹੀ ਹੈ। ਪਹਿਲਾਂ ਰਾਜਪਾਲ ਦਾ ਘਿਰਾਓ ਕੀਤਾ ਤੇ ਉਸ ਤੋਂ ਬਾਅਦ ਲਾਲ ਮੈਟ ਵਿਛਾ ਕੇ ਉਨ੍ਹਾਂ ਦਾ ਸਵਾਗਤ ਕੀਤਾ।


ਹਰਸਿਮਰਤ ਬਾਦਲ ਨੇ ਕਿਹਾ ਕਿ ਵਿੱਤ ਮੰਤਰੀ ਦਾ ਖ਼ਾਨਦਾਨ ਬਠਿੰਡੇ ਨੂੰ ਜ਼ੋਰ ਜਬਰੀ ਲੁੱਟਣ 'ਤੇ ਲੱਗਿਆ ਹੋਇਆ ਹੈ, ਬਠਿੰਡਾ ਸ਼ਹਿਰ ਦਾ ਬੁਰਾ ਹਾਲ ਕਰ ਦਿੱਤਾ ਹੈ। ਅੱਠ ਮਾਰਚ ਨੂੰ ਇੰਗਲੈਂਡ ਵਿੱਚ ਸੰਸਦ ਵੱਲੋਂ ਕਿਸਾਨ ਅੰਦੋਲਨ ਬਾਰੇ ਚਰਚਾ ਕਰਵਾਉਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਕਿਸਾਨ ਅੰਦੋਲਨ ਦੀ ਚਰਚਾ ਹੋ ਰਹੀ ਹੈ ਤੇ ਹੋਣੀ ਵੀ ਚਾਹੀਦੀ ਹੈ। ਸੂਬੇ ਦੀ ਸਰਕਾਰ ਨੂੰ ਚਾਹੀਦਾ ਸੀ ਇਹ ਕਾਨੂੰਨ ਨੂੰ ਰੋਕਿਆ ਜਾਂਦਾ ਪਰ ਨਾ ਤਾਂ ਅੱਜ ਤਕ ਕਿਸਾਨ ਅੰਦੋਲਨ ਵਿੱਚ ਕੋਈ ਮੰਤਰੀ ਗਿਆ ਤੇ ਨਾ ਹੀ ਹੁਣ ਤਕ ਪ੍ਰਧਾਨ ਮੰਤਰੀ ਨੂੰ ਕੋਈ ਮਿਲਿਆ।


ਉਨ੍ਹਾਂ ਇਲਜ਼ਾਮ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰ ਸਰਕਾਰ ਦਾ ਫਿਕਸ ਮੈਚ ਚੱਲ ਰਿਹਾ ਹੈ। ਵਿਧਾਨ ਸਭਾ ਵਿੱਚ, ਅਸਤੀਫਾ ਜੇਬ ਵਿੱਚ ਪਾ ਕੇ ਲੈ ਕੇ ਆਏ ਪਰ ਦਿੱਤਾ ਨਹੀਂ। ਉਨ੍ਹਾਂ ਕਿਹਾ ਖ਼ੁਦ ਕੈਪਟਨ ਸਾਹਿਬ ਨੇ ਕਾਨੂੰਨਾਂ ਨੂੰ ਸਹਿਮਤੀ ਦਿੱਤੀ ਕਿਉਂਕਿ ਉਹ ਖੁਦ ਕੇਸਾਂ ਵਿੱਚ ਫਸੇ ਹੋਏ ਹਨ।  


ਪ੍ਰਸ਼ਾਂਤ ਕਿਸ਼ੋਰ ਦੀ ਨਿਯੁਕਤੀ ਦੇ ਸਵਾਲ ਉੱਤੇ ਬੋਲਦੇ ਹਰਸਿਮਰਤ ਨੇ ਕਿਹਾ ਕਿ ਹੁਣ ਨਵਾਂ ਝੂਠ ਚਾਹੀਦਾ ਹੈ, ਪਹਿਲਾਂ ਇੱਕ ਝੂਠ ਬੋਲ ਦਿੱਤਾ, ਉਹ ਮਿਲ ਗਿਆ? ਲੋਕਾਂ ਨਾਲ ਧੋਖਾ ਕੀਤਾ, ਗੱਦਾਰੀ ਕੀਤੀ, ਧਰਮ ਦੀ ਝੂਠੀ ਸਹੁੰ ਖਾਧੀ, ਹੁਣ ਤਾਂ ਲੋਕਾਂ ਨੇ ਫ਼ੈਸਲਾ ਕਰਨਾ ਹੈ।