ਮਹਿਤਾਬ-ਉਦ-ਦੀਨ
ਚੰਡੀਗੜ੍ਹ: ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਦੀਆਂ ਸੀਮਾਵਾਂ ’ਤੇ ਪਿਛਲੇ ਤਿੰਨ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ। ਇਹ ਕਿਸਾਨ ਤਿੰਨ ਨਵੇਂ ਖੇਤੀ ਕਾਨੂੰਨ ਮੁੱਢੋਂ ਰੱਦ ਕਰਨ ਦੀ ਆਪਣੀ ਮੰਗ ਉੱਤੇ ਡਟੇ ਹੋਏ ਹਨ ਪਰ ਕੇਂਦਰ ਸਰਕਾਰ ਦਾ ਇਹੋ ਕਹਿਣਾ ਹੈ ਕਿ ਇਨ੍ਹਾਂ ਕਾਨੂੰਨਾਂ ਵਿੱਚ ਕਿਸਾਨਾਂ ਦੀਆਂ ਮੰਗਾਂ ਅਨੁਸਾਰ ਲੋੜੀਂਦੀ ਸੋਧ ਤਾਂ ਕੀਤੀ ਜਾ ਸਕਦੀ ਹੈ ਪਰ ਉਨ੍ਹਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ।
ਇਸ ਅੰਦੋਲਨ ਦੇ ਚੱਲਦਿਆਂ ਸਮੂਹ ਦੇਸ਼ ਵਾਸੀ ਆਪਸ ਵਿੱਚ ਵਿਚਾਰਧਾਰਕ ਤੌਰ ’ਤੇ ਵੰਡੇ ਗਏ ਹਨ। ਇਹ ਵਰਤਾਰਾ ਇੱਕ ਪਰਿਵਾਰ ਸਮੇਤ ਪੂਰੇ ਦੇਸ਼ ਅੰਦਰ ਵੀ ਵੇਖਿਆ ਜਾ ਸਕਦਾ ਹੈ ਤੇ ਵਿਦੇਸ਼ਾਂ ਵਿੱਚ ਵੀ। ਇੱਕੋ ਪਰਿਵਾਰ ਦੇ ਕੁਝ ਮੈਂਬਰ ਤਾਂ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧੀ ਤੇ ਕਿਸਾਨਾਂ ਦੇ ਹੱਕ ਵਿੱਚ ਹਨ ਪਰ ਦੂਜੇ ਇਨ੍ਹਾਂ ਹੀ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਹਨ।
ਕੈਨੇਡਾ ਤੇ ਆਸਟ੍ਰੇਲੀਆ ’ਚ ਤਾਂ ਇਸ ਮੁੱਦੇ ਨੂੰ ਲੈ ਕੇ ਵਿਚਾਰਧਾਰਕ ਜੰਗ ਹੁਣ ਹਿੰਸਕ ਹੋ ਗਈ ਹੈ। ਆਸਟ੍ਰੇਲੀਆ ਵਿੱਚ ਭਾਰਤ ਸਰਕਾਰ ਪੱਖੀ ਪ੍ਰਵਾਸੀਆਂ ਦੀ ਧਿਰ ਭਾਰੂ ਹੈ। ਇਸ ਧਿਰ ਨਾਲ ਜੁੜੇ ਕੁਝ ਸ਼ਰਾਰਤੀ ਅਨਸਰਾਂ ਨੇ ਸਿੱਖਾਂ ਉੱਤੇ ਹਮਲੇ ਕੀਤੇ ਹਨ। ਪਿਛਲੇ ਕੁਝ ਦਿਨਾਂ ਦੌਰਾਨ ਹੀ ਅਜਿਹੀਆਂ ਚਾਰ ਘਟਨਾਵਾਂ ਉੱਥੇ ਵਾਪਰ ਚੁੱਕੀਆਂ ਹਨ।
ਸਰਕਾਰ ਪੱਖੀ ਪ੍ਰਵਾਸੀ ਭਾਰਤੀ ਕੈਨੇਡਾ ਤੇ ਆਸਟ੍ਰੇਲੀਆ ’ਚ ‘ਤਿਰੰਗਾ ਰੈਲੀਆਂ’ ਕੱਢ ਰਹੇ ਹਨ। ਇਨ੍ਹਾਂ ਰੈਲੀਆਂ ਦੌਰਾਨ ਵੀ ਗੜਬੜੀਆਂ ਹੋ ਰਹੀਆਂ ਹਨ। ਕੈਨੇਡਾ ’ਚ ਕਿਉਂਕਿ ਕਿਸਾਨ ਪੱਖੀ ਪ੍ਰਵਾਸੀ ਭਾਰਤੀ ਭਾਈਚਾਰੇ ਦੇ ਲੋਕ ਕੁਝ ਜ਼ਿਆਦਾ ਹਨ; ਇਸੇ ਲਈ ਇਸ ਧੜੇ ਦੇ ਕੁਝ ਸ਼ਰਾਰਤੀ ਅਨਸਰਾਂ ਨੇ ਭਾਰਤ ਸਰਕਾਰ ਦੇ ਹਮਾਇਤੀਆਂ ਉੱਤੇ ਹਮਲੇ ਕੀਤੇ ਹਨ। ਅਜਿਹੇ ਹਾਲਾਤ ਵਿੱਚ ਹੁਣ ਭਾਰਤ ਨੇ ਕੈਨੇਡਾ ਸਰਕਾਰ ਕੋਲ ਪ੍ਰਵਾਸੀ ਭਾਰਤੀਆਂ ’ਤੇ ਹੋ ਰਹੇ ਅਜਿਹੇ ਹਮਲਿਆਂ ਉੱਤੇ ਮੂੰਹ ਜ਼ੁਬਾਨੀ ਚਿੰਤਾ ਪ੍ਰਗਟਾਉਂਦਿਆਂ ਉਨ੍ਹਾਂ ਦੀ ਸੁਰੱਖਿਆ ਤੇ ਸਲਾਮਤੀ ਮੰਗੀ ਹੈ।
ਕੈਨੇਡਾ ’ਚ ਭਾਰਤੀ ਹਾਈ ਕਮਿਸ਼ਨ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਰਕਾਰ ਤੋਂ ਪ੍ਰਵਾਸੀ ਭਾਰਤੀਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਹਮਲਿਆਂ ਦੀਆਂ ਇਨ੍ਹਾਂ ਘਟਨਾਵਾਂ ਦੀ ਨਿੱਠ ਕੇ ਤੁਰੰਤ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਗਈ ਹੈ।
ਮੀਡੀਆ ਰਿਪੋਰਟ ਅਨੁਸਾਰ ਕੈਨੇਡਾ ’ਚ ਰਹਿੰਦੇ ਕਈ ਪ੍ਰਵਾਸੀ ਭਾਰਤੀਆਂ ਨੇ ਦੋਸ਼ ਲਾਇਆ ਕਿ ਉਹ ‘ਤਿਰੰਗਾ ਰੈਲੀ’ ਕੱਢ ਰਹੇ ਸਨ ਪਰ ‘ਖ਼ਾਲਿਸਤਾਨ ਦੇ ਕੁਝ ਹਮਾਇਤੀਆਂ ਨੇ ਉਨ੍ਹਾਂ ਦਾ ਰਾਹ ਰੋਕ ਲਿਆ। ਇੱਕ ਜਣੇ ਨੇ ਸਾਡਾ ਤਿਰੰਗਾ ਤੋੜ ਦਿੱਤਾ। ਉਹ ਵਿਅਕਤੀ ਲਗਾਤਾਰ ਸਾਨੂੰ ਬੁਰਾ ਭਲਾ ਆਖ ਰਿਹਾ ਸੀ। ਅਸੀਂ ਇਹ ਮਾਮਲਾ ਸਥਾਨਕ ਪੁਲਿਸ ਦੇ ਧਿਆਨ ਗੋਚਰੇ ਲਿਆਂਦਾ ਹੈ।’
ਭਾਰਤ ਸਰਕਾਰ ਨੇ ਜਸਟਿਨ ਟਰੂਡੋ ਸਰਕਾਰ ਨੂੰ ਕਿਹਾ ਹੈ ਕਿ ਜੇ ਤੁਰੰਤ ਅਜਿਹੇ ਮਾਮਲਿਆਂ ਦੀ ਤਹਿ ਤੱਕ ਜਾਂਚ ਨਾ ਕੀਤੀ ਗਈ, ਤਾਂ ਪ੍ਰਵਾਸੀ ਭਾਰਤੀਆਂ ਵਿੱਚ ਆਪਸੀ ਮਤਭੇਦ ਹੋਰ ਵੀ ਜ਼ਿਆਦਾ ਵਧ ਜਾਣਗੇ।