ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਆਪਣੇ ਪਤੀ ਸੁਖਬੀਰ ਬਾਦਲ ਦੇ ਅਸਤੀਫ਼ੇ ਦੀ ਮੰਗ ਕਰਨ ਵਾਲਿਆਂ ਨੂੰ ਹਰਸਿਮਰਤ ਬਾਦਲ ਨੇ ਖਰੀਆਂ ਖਰੀਆਂ ਸੁਣਾਈਆਂ ਹਨ। ਹਰਸਿਮਰਤ ਬਾਦਲ ਨੇ ਟਕਸਾਲੀਆਂ ਨੂੰ ਲੋਕਾਂ ਵੱਲੋਂ ਨਕਾਰੇ ਗਏ ਲੀਡਰ ਕਰਾਰ ਦਿੱਤਾ। ਉਨ੍ਹਾਂ ਪਰਕਾਸ਼ ਸਿੰਘ ਬਾਦਲ ਕੋਲ ਹਥਿਆਰਬੰਦ ਵਿਅਕਤੀ ਦੇ ਪਹੁੰਚਣ ਕਾਰਨ ਉਨ੍ਹਾਂ ਦੀ ਸੁਰੱਖਿਆ ਵਿੱਚ ਲੱਗੇ ਸੰਨ੍ਹ 'ਤੇ ਕਾਂਗਰਸ ਸਰਕਾਰ ਨੂੰ ਘੇਰਿਆ।

ਬਠਿੰਡਾ ਵਿੱਚ ਏਮਜ਼ ਹਸਪਤਾਲ ਦੇ ਉਸਾਰੀ ਕਾਰਜਾਂ ਦਾ ਜਾਇਜ਼ਾ ਲੈਣ ਪਹੁੰਚੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਾਂਗਰਸ ਨੂੰ ਪਰਕਾਸ਼ ਸਿੰਘ ਬਾਦਲ ਦੀ ਸੁਰੱਖਿਆ ਦੀ ਕੋਈ ਪਰਵਾਹ ਨਹੀਂ। ਉਨ੍ਹਾਂ ਬਾਦਲ ਦੀ ਸੁਰੱਖਿਆ ਨਾ ਵਧਣ ਦੇਣ ਲਈ ਆਪਣੇ ਦਿਓਰ ਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਦੋਸ਼ੀ ਠਹਿਰਾਇਆ।

ਹਰਸਿਮਰਤ ਬਾਦਲ ਨੇ ਟਕਸਾਲੀਆਂ ਨੂੰ ਇੱਕ ਵਾਰ ਫਿਰ ਘੇਰਿਆ। ਉਨ੍ਹਾਂ ਟਕਸਾਲੀਆਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਜਨਤਾ ਵੱਲੋਂ ਨਕਾਰੇ ਲੋਕਾਂ ਦੇ ਕਹਿਣ 'ਤੇ ਸੁਖਬੀਰ ਅਸਤੀਫ਼ਾ ਨਹੀਂ ਦੇਣਗੇ। ਉਨ੍ਹਾਂ ਕਾਂਗਰਸ ਸਰਕਾਰ 'ਤੇ ਏਮਜ਼ ਨੂੰ ਪ੍ਰਵਾਨਗੀਆਂ ਦੇਣ ਵਿੱਚ ਦੇਰੀ ਕਰਨ ਦਾ ਇਲਜ਼ਾਮ ਲਾਉਂਦਿਆਂ ਆਸ ਪ੍ਰਗਟਾਈ ਕਿ ਫਰਵਰੀ 2019 ਵਿੱਚ ਏਮਜ਼ ਦੀ ਓਪੀਡੀ ਸ਼ੁਰੂ ਹੋ ਸਕਦੀ ਹੈ ਪਰ ਜੇਕਰ ਸਰਕਾਰ ਪ੍ਰਵਾਨਗੀਆਂ ਸਮੇਂ ਨਾਲ ਦੇ ਦਿੰਦੀ ਤਾਂ ਇਹ ਪਹਿਲਾਂ ਸ਼ੁਰੂ ਹੋ ਜਾਂਦੀ।