ਚੰਡੀਗੜ੍ਹ: ਬੀਤੇ ਦਿਨ ਇੱਕ ਵਿਅਕਤੀ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਸੁਰੱਖਿਆ ਘੇਰਾ ਤੋੜ ਕੇ ਪਿਸਤੌਲ ਸਮੇਤ ਉਨ੍ਹਾਂ ਕੋਲ ਪਹੁੰਚ ਗਿਆ ਸੀ, ਜਿਸ ਤੋਂ ਬਾਅਦ ਮੁੱਖ ਮੰਤਰੀ ਦੀ ਸੁਰੱਖਿਆ ’ਤੇ ਕਈ ਸਵਾਲ ਖੜ੍ਹੇ ਕੀਤੇ ਜਾ ਰਹੇ ਸਨ। ਉਕਤ ਵਿਅਕਤੀ ਬਠਿੰਡਾ ਦੇ ਪਿੰਡ ਨੰਦਗੜ੍ਹ ਥਾਣੇ ਦੇ ਮੁਖੀ ਦਾ ਰਸੋਈਆ ਹੈ ਜੋ ਥਾਣਾ ਮੁਖੀ ਦਾ ਪਿਸਤੌਲ ਚੁੱਕੀ ਫਿਰਦਾ ਸੀ।  ਹੁਣ ਸਾਹਮਣੇ ਆਇਆ ਹੈ ਕਿ ਉਹ ਸੈਲਫੀ ਲੈਣ ਲਈ ਸਾਬਕਾ ਸੀਐਮ ਬਾਦਲ ਨਜ਼ਦੀਕ ਗਿਆ ਸੀ।

ਜਦੋਂ ਸੁਰੱਖਿਆ ਮੁਲਾਜ਼ਮਾਂ ਨੇ ਉਸ ਵਿਅਕਤੀ ਕੋਲ ਪਿਸਤੌਲ ਵੇਖਿਆ ਤਾਂ ਉਹ ਤੁਰੰਤ ਉਸ ਨੂੰ ਬਾਹਰ ਲੈ ਆਏ। ਇਸ ਪਿੱਛੋਂ ਥਾਣਾ ਨੰਦਗੜ੍ਹ ਮੁਖੀ ਰਵਿੰਦਰ ਸਿੰਘ ਨੇ ਉਸ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਪਿਸਤੌਲ ਉਨ੍ਹਾਂ ਦਾ ਹੈ ਤੇ ਵਿਅਕਤੀ ਉਨ੍ਹਾਂ ਦਾ ਰਸੋਈਆ ਹੈ। ਇਸ ਪਿੱਛੋਂ ਮੌਕੇ ’ਤੇ ਹਾਜ਼ਰ ਬਠਿੰਡਾ ਦੇ ਪੁਲਿਸ ਕਪਤਾਨ ਨੇ ਤੁਰੰਤ ਥਾਣਾ ਮੁਖੀ ਰਵਿੰਦਰ ਸਿੰਘ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ।

ਇਹ ਵੀ ਪੜ੍ਹੋ- ਬਾਦਲ ਦੀ Z+ ਸੁਰੱਖਿਆ ਛੱਤਰੀ 'ਚ ਸੰਨ੍ਹ, ਪਿਸਤੌਲ ਲੈ ਕੇ ਨੇੜੇ ਪਹੁੰਚਿਆ ਵਿਅਕਤੀ

ਦਰਅਸਲ, ਬੁਢਲਾਡਾ ਤੋਂ ਪਰਕਾਸ਼ ਸਿੰਘ ਬਾਦਲ ਵਾਪਸ ਆਪਣੇ ਪਿੰਡ ਜਾ ਰਹੇ ਸਨ ਅਤੇ ਰਸਤੇ ਵਿੱਚ ਅਕਾਲੀ ਲੀਡਰ ਜਸਵਿੰਦਰ ਸਿੰਘ ਦੇ ਪੈਟਰੋਲ ਪੰਪ 'ਤੇ ਇੱਕ ਸਮਾਗਮ ਲਈ ਰੁਕ ਗਏ। ਉੱਥੇ ਨੰਦਗੜ੍ਹ ਥਾਣੇ ਦੇ SHO ਤੇ ਬਠਿੰਡਾ ਦੇ SSP ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਪਿਛਲੇ ਮਹੀਨੇ ਪਰਕਾਸ਼ ਸਿੰਘ ਬਾਦਲ ਦੇ ਕਤਲ ਦੀ ਸਾਜ਼ਿਸ਼ ਦਾ ਪਰਦਾਫ਼ਾਸ਼ ਕੀਤਾ ਗਿਆ ਸੀ।