ਅੰਮ੍ਰਿਤਸਰ: ਅਕਾਲੀ ਦਲ ਨੇ ਅੱਜ ਕਾਂਗਰਸ ਦੀ ਸੂਬਾ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਤੇ ਹਮਲਾ ਬੋਲਿਆ।ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕੇਂਦਰੀ ਦੀ ਮੋਦੀ ਸਰਕਾਰ ਨੂੰ ਖੇਤੀ ਕਾਨੂੰਨਾਂ ਤੇ ਘੇਰਿਆ।ਉਨ੍ਹਾਂ ਖੇਤੀ ਮੰਤਰੀ ਨਰਿੰਦਰ ਤੋਮਰ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ, ਕਿ ਖੇਤੀ ਮੰਤਰੀ ਦਾ ਬਿਆਨ ਸਿਆਸੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਨਾਲ ਸ਼ਨੀਵਾਰ ਨੂੰ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ।ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, "ਤੋਮਰੀ ਜੀ ਜਾਣਦੇ ਹਨ ਕਿ ਇਕੱਲਾ ਪੰਜਾਬ ਦਾ ਕਿਸਾਨ ਹੀ ਅੰਦੋਲਨ ਨਹੀਂ ਕਰ ਰਿਹਾ।ਪੂਣੇ, ਦਿੱਲੀ, ਬੰਗਾਲ ਦੇ ਨਾਲ ਨਾਲ ਦੇਸ਼ ਦੇ ਕਈ ਰਾਜਾਂ ਦਾ ਕਿਸਾਨ ਵਿਰੋਧ ਕਰ ਰਿਹਾ ਹੈ।

ਬਾਦਲ ਨੇ ਕਿਹਾ, "ਦਿੱਲੀ ਦੇ ਆਸਪਾਸ ਦੇ ਲੋਕ ਵੀ ਜੋ ਉਥੇ ਪਹੁੰਚ ਸਕਦੇ ਹਨ ਉਹ ਵੀ ਵਿਰੋਧ ਕਰ ਰਹੇ ਹਨ।ਤੋਮਰ ਇੱਕ ਕਿਸਾਨ ਸੰਗਠਨ ਦੱਸ ਦੇਣ ਜੋ ਖੇਤੀ ਕਾਨੂੰਨਾਂ ਦੀ ਹਿਮਾਇਤ ਕਰ ਰਿਹਾ ਹੈ।"

ਸੰਯੁਕਤ ਰਾਸ਼ਟਰ ਵਲੋਂ ਟਵੀਟ ਕੀਤੇ ਜਾਣ ਤੇ ਸੁਖਬੀਰ ਨੇ ਕਿਹਾ, "ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਦੇਸ਼ ਦੀ ਕਿਸਾਨੀ, ਦੇਸ਼ ਦੇ ਕਿਸਾਨਾਂ ਦੀ ਆਵਾਜ਼ ਸੁਣੀ ਜਾਵੇ ਅਤੇ ਜਲਦੀ ਹੀ ਇਨ੍ਹਾਂ 3 ਕਾਨੂੰਨਾਂ ਨੂੰ ਰੱਦ ਕਰ ਦਿੱਤਾ ਜਾਵੇ।"


ਉਧਰ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ, "ਭਾਰਤ ਸਰਕਾਰ ਦੀ ਇੱਕ ਗਲਤਫਹਿਮੀ ਹੈ ਕਿ ਸਿਰਫ ਪੰਜਾਬ ਹੀ ਅੰਦੋਲਨ ਕਰ ਰਿਹਾ ਹੈ। ਸਾਰਾ ਦੇਸ਼ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ, ਸਾਰੇ ਰਾਜਾਂ ਦੇ ਕਿਸਾਨ ਵਿਰੋਧ ਸਥਾਨਾਂ ਤੇ ਬੈਠੇ ਹਨ।ਜੇ ਉਹ ਅਜੇ ਵੀ ਅੱਖੀਂ ਵੇਖਣਾ ਚਾਹੁੰਦੇ ਹਨ ਕਿ ਸਿਰਫ ਪੰਜਾਬ ਹੀ ਵਿਰੋਧ ਕਰ ਰਿਹਾ ਹੈ, ਤਾਂ ਕੋਈ ਕੁਝ ਨਹੀਂ ਕਰ ਸਕਦਾ।"


ਉਨ੍ਹਾਂ ਅੱਗੇ ਕਿਹਾ, "ਕੈਪਟਨ ਸਾਹਿਬ ਫਰਜ਼ ਬਣਦਾ ਹੈ ਕਿ ਉਹ ਦਿੱਲੀ ਜਾ ਕੇ ਬੇਕਸੂਰ ਨੌਜਵਾਨਾਂ ਨੂੰ ਬਾਹਰ ਕੱਢਣ ਅਤੇ ਉਨ੍ਹਾਂ ਖਿਲਾਫ ਕੇਸ ਬੰਦ ਕਰਨ ਤਾਂ ਜੋ 200-300 ਨੌਜਵਾਨਾਂ ਦੀਆਂ ਜ਼ਿੰਦਗੀਆਂ ਖਰਾਬ ਨਾ ਹੋਣ। 26 ਜਨਵਰੀ ਤੋਂ, ਉਨ੍ਹਾਂ ਨੌਜਵਾਨਾਂ ਨੂੰ ਬੰਦ ਕੀਤਾ ਗਿਆ ਹੈ, ਲਾਲ ਕਿਲ੍ਹੇ ਦੇ ਪੁਲਿਸ ਸਟੇਸ਼ਨ ਤੇ ਇੱਕ ਵੀ FIR ਹੋਈ ਹੈ?"


ਇਸ ਦੇ ਨਾਲ ਹੀ ਸੂਬਾ ਸਰਕਾਰ ਤੇ ਹਮਲਾ ਬੋਲਦਿਆ, ਸੁਖਬੀਰ ਬਾਦਲ ਨੇ ਕਿਹਾ "ਕਾਂਗਰਸ ਦੇ ਨੇਤਾ ਇਹ ਕਹਿ ਰਹੇ ਹਨ ਕਿ ਅਕਾਲੀ ਦਲ ਨੇ ਗੁੰਡਾਗਰਦੀ ਦੀ ਸ਼ੁਰੂਆਤ ਕੀਤੀ ਹੈ।ਇਸ ਦਾ ਮਤਲਬ ਸਾਫ ਹੈ ਕਿ ਹੁਣ ਕਾਂਗਰਸ ਨਗਰ ਨਿਗਮ ਚੋਣਾਂ ਵਿੱਚ ਗੁੰਡਾਗਰਦੀ ਕਰ ਰਹੀ ਹੈ।ਪੰਜਾਬ ਸਰਕਾਰ ਅੱਜ ਨਗਰ ਨਿਗਮ ਚੋਣਾਂ ਜੋ ਮਰਜ਼ੀ ਕਰ ਲਵੇ, ਪਰ ਅੱਠ ਮਹੀਨੇ ਬਾਅਦ ਕੀ ਕਰੇਗੀ।"