Farmer Protest: ਖਨੌਰੀ ਸਰਹੱਦ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਰਾਸ਼ਟਰਪਤੀ ਨੂੰ ਪੱਤਰ ਲਿਖਿਆ ਹੈ। ਕਿਸਾਨਾਂ ਨੇ ਅੱਜ ਡੱਲੇਵਾਲ ਵੱਲੋਂ ਲਿਖੇ ਪੱਤਰ ਦੀ ਕਾਪੀ ਡੀਸੀ ਅਤੇ ਐਸਡੀਐਮ ਨੂੰ ਸੌਂਪੀ। ਇਸ ਦੇ ਨਾਲ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਡੱਲੇਵਾਲ ਦਾ ਭਾਰ ਕਾਫੀ ਘੱਟ ਗਿਆ ਹੈ। ਉਸ ਨੂੰ ਸਾਈਲੈਂਟ ਹਾਰਟ ਅਟੈਕ ਦਾ ਖਤਰਾ ਹੈ। ਇਸ ਨੂੰ ਲੈ ਕੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸੰਸਦ ਵਿੱਚ ਮੁੱਦਾ ਚੁੱਕਿਆ ਹੈ।
ਹਰਸਿਮਰਤ ਕੌਰ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਕੇ ਲਿਖਿਆ, ਕਿਸਾਨੀ ਮੰਗਾਂ ਨੂੰ ਲੈ ਕੇ ਸਾਡੇ ਬਜ਼ੁਰਗ ਕਿਸਾਨ ਜਗਜੀਤ ਸਿੰਘ ਡੱਲੇਵਾਲ ਪਿਛਲੇ 21 ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਹਨ, ਬਹੁਤ ਅਫ਼ਸੋਸ ਦੀ ਗੱਲ ਹੈ ਕਿ ਕੇਂਦਰ ਸਰਕਾਰ ਤੇ ਪੰਜਾਬ ਦੀ ਮੌਜੂਦਾ ਆਪ ਸਰਕਾਰ ਨੇ ਉਨ੍ਹਾਂ ਦਾ ਹਾਲ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ । ਇਸ ਤੋਂ ਪਹਿਲਾਂ 700 ਦੇ ਕਰੀਬ ਸਾਡਾ ਕਿਸਾਨ ਦਿੱਲੀ ਧਰਨੇ ‘ਤੇ ਸ਼ਹੀਦ ਹੋ ਚੁੱਕਿਆ ਹੈ । ਕਿਸਾਨ ਸਾਡੇ ਦੇਸ਼ ਦਾ ਸਭ ਤੋਂ ਅਹਿਮ ਹਿੱਸਾ ਹਨ । ਮੈਂ ਮੰਗ ਕਰਦੀ ਹਾਂ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਕੀਤੇ ਹੋਏ ਵਾਅਦਿਆਂ ਨੂੰ ਜਲਦ ਤੋਂ ਜਲਦ ਪੂਰਾ ਕਰੇ।
ਇਸ ਤੋਂ ਬਾਅਦ ਮੀਡੀਆ ਦੇ ਮੁਖਾਤਬ ਹੁੰਦਿਆ ਹਰਸਿਮਰਤ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ, ਦਿੱਲੀ ਧਰਨੇ ਦੌਰਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਉਨ੍ਹਾਂ ਦੀਆਂ ਮੰਗਾਂ ਮੰਨਣ ਦਾ ਪੂਰਨ ਭਰੋਸਾ ਦੇ ਕੇ ਧਰਨਾ ਖ਼ਤਮ ਕਰਵਾਇਆ ਸੀ, ਪਰ ਬਾਅਦ ਵਿੱਚ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ।
ਸਾਡੇ ਕਿਸਾਨ ਲਗਾਤਾਰ ਆਪਣਾ ਨੁਕਸਾਨ ਝੱਲਦੇ ਆ ਰਹੇ ਹਨ, ਪਹਿਲਾਂ ਦਿੱਲੀ ਧਰਨੇ ਵੇਲੇ ਸਾਡੇ 700 ਦੇ ਕਰੀਬ ਕਿਸਾਨ ਆਪਣੀਆਂ ਜਾਨਾਂ ਗਵਾ ਚੁੱਕੇ ਹਨ, ਹੁਣ ਉਸੇ ਸਿਲਸਿਲੇ ਵਿੱਚ ਹੀ ਸਾਡੇ ਬਜ਼ੁਰਗ ਕਿਸਾਨ ਆਗੂ ਜਗਜੀਤ ਸਿੰਘ ਜੀ ਡੱਲੇਵਾਲ ਪਿਛਲੇ 21 ਦਿਨਾਂ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ‘ਤੇ ਹਨ । ਉਨ੍ਹਾਂ ਦੀ ਜਾਨ ਬਹੁਤ ਕੀਮਤੀ ਹੈ । ਮੈਂ ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੀ ਹਾਂ ਕਿ ਕਿਸਾਨੀ ਨੂੰ ਬਚਾਉਣ ਲਈ ਕਿਸਾਨਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਵਿਚਾਰਿਆ ਜਾਵੇ ਤੇ ਤੁਰੰਤ ਉਹਨਾਂ ਨੂੰ ਪੂਰਾ ਕੀਤਾ ਜਾਵੇ