ਚੰਡੀਗੜ੍ਹ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕੋਲ ਤਕਰੀਬਨ ਛੇ ਕਰੋੜ ਰੁਪਏ ਦੇ ਗਹਿਣੇ ਹਨ। ਹਰਸਿਮਰਤ ਨੇ ਇਸ ਵਰ੍ਹੇ ਦੌਰਾਨ ਹੀ 62 ਲੱਖ ਦੇ ਗਹਿਣੇ ਖ਼ਰੀਦੇ ਹਨ। ਹੈਰਾਨੀ ਦੀ ਗੱਲ਼ ਹੈ ਕਿ ਕੇਂਦਰੀ ਵਜ਼ਾਰਤ ਵਿੱਚ ਨੌਂ ਔਰਤਾਂ ਸ਼ਾਮਲ ਹਨ ਪਰ ਗਹਿਣਿਆਂ ਦੇ ਮਾਮਲੇ ਵਿੱਚ ਸਾਰੀਆਂ ਹੀ ਹਰਸਿਮਰਤ ਤੋਂ ਗਰੀਬ ਹਨ। ਹਰਸਿਮਰਤ ਬਾਦਲ ਨੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਸਾਲ 2015-16 ਦੀ ਤਾਜ਼ਾ ਰਿਟਰਨ ਦਾਖ਼ਲ ਕੀਤੀ ਹੈ। ਉਸ ਮੁਤਾਬਕ ਹੁਣ ਹਰਸਿਮਰਤ ਕੋਲ 6.02 ਕਰੋੜ ਦੇ ਗਹਿਣੇ ਹਨ ਜਦੋਂਕਿ ਸਾਲ 2014-15 ਦੌਰਾਨ ਉਨ੍ਹਾਂ ਕੋਲ 5.40 ਕਰੋੜ ਰੁਪਏ ਦੇ ਗਹਿਣੇ ਸਨ। ਰਿਟਰਨ ਮੁਤਾਬਕ ਕੁਝ ਗਹਿਣੇ ਤਾਂ ਹਰਸਿਮਰਤ ਨੂੰ ਮਰਹੂਮ ਸੱਸ ਸੁਰਿੰਦਰ ਕੌਰ ਬਾਦਲ ਤੋਂ ਮਿਲੇ ਹਨ। ਹਰਸਿਮਰਤ ਨੇ ਜਦੋਂ ਪਹਿਲੀ ਵਾਰ ਸਾਲ 2009 ਵਿੱਚ ਲੋਕ ਸਭਾ ਚੋਣ ਲੜੀ ਸੀ ਤਾਂ ਉਦੋਂ ਉਨ੍ਹਾਂ ਕੋਲ ਤੋਹਫਿਆਂ ਵਜੋਂ ਮਿਲੇ ਤੇ ਖ਼ਰੀਦੇ ਗਏ 1.94 ਕਰੋੜ ਦੇ ਗਹਿਣੇ ਸਨ, ਜਿਨ੍ਹਾਂ ਦਾ ਵਜ਼ਨ 14.93 ਕਿਲੋ ਸੀ। (ਸਰੋਤ: ਪੰਜਾਬੀ ਟ੍ਰਿਬਿਊਨ)