Farmer Protest: ਇੱਕ ਪਾਸੇ ਕੇਂਦਰ ਸਰਕਾਰ ਦੇ ਖ਼ਿਲਾਫ਼ ਕਿਸਾਨਾਂ ਵੱਲੋਂ ਅੰਦੋਲਨ ਵਿੱਢਿਆ ਗਿਆ ਹੈ। ਉੱਥੇ ਹੀ ਦੂਜੇ ਪਾਸੇ ਹਰਿਆਣਾ ਦੇ ਗੁਰੂਘਰਾਂ ਵਿੱਚ ਪੁਲਿਸ ਮੁਲਾਜ਼ਮਾਂ ਵੱਲੋਂ ਬੇਅਦਬੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਸਿੱਖ ਸੰਗਤ ਦੇ ਮਨਾਂ ਵਿੱਚ ਰੋਹ ਪਾਇਆ ਜਾ ਰਿਹਾ ਹੈ।


ਦਰਅਸਲ, ਡਿਊਟੀ ਤੇ ਤਾਇਨਾਤ ਪੁਲਿਸ ਮੁਲਾਜ਼ਮ ਤੇ ਹੋਰ ਅਧਿਕਾਰੀਆਂ ਨੂੰ ਹਰਿਆਣਾ ਦੇ ਗੁਰਦੁਆਰਾ ਸਾਹਿਬਾਨ 'ਚ ਠਹਿਰਿਆ ਗਿਆ ਹੈ। ਜਦੋਂ ਸੰਗਤ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਗੁਰਦੁਆਰਾ ਪੰਜੋਖੜਾ ਸਾਹਿਬ ਜਾ ਕੇ ਤਲਾਸ਼ੀ ਲਈ ਤਾਂ ਮੌਕੇ ਤੋਂ ਨਸ਼ੀਲੀਆਂ ਵਸਤੂਆਂ, ਸ਼ਰਾਬ ਦੀਆਂ ਬੋਤਲਾਂ 'ਤੇ ਹੋਰ ਇਤਰਾਜ਼ਯੋਗ ਵਸਤੂਆਂ ਦੀ ਬਰਾਮਦੀ ਹੋਈ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਮੌਕੇ ਤੋਂ ਭੱਜਦੇ ਨਜ਼ਰ ਆਏ।


ਇਸ ਮੌਕੇ ਸੰਗਤ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਇਲਜ਼ਾਮ ਲਗਾਏ ਹਨ ਕਿ ਬੀਜੇਪੀ ਸਰਕਾਰ ਦੇ ਕਹਿਣ ਤੇ ਹਰਿਆਣਾ ਕਮੇਟੀ ਵੱਲੋਂ ਇਹ ਸਭ ਕੀਤਾ ਜਾ ਰਿਹਾ ਹੈ ਤੇ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ'


ਇਸ ਬਾਬਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਕਿਸਾਨ ਅੰਦੋਲਨ ਮੌਕੇ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੌਂ ਹਰਿਆਣਾ ਦੇ ਗੁਰਦਵਾਰਾ ਸਾਹਿਬਾਨ ਤੋਂ ਕਿਸਾਨ ਅੰਦੋਲਨ 'ਚ ਲੰਗਰ ਤੇ ਹੋਰ ਸਾਜੋ ਸਮਾਨ ਮੁਹੱਈਆ ਕਰਵਾਇਆ ਗਿਆ। ਕਿਉਂਕਿ ਗੁਰਦੁਵਾਰਾ ਸਾਹਿਬਾਨ ਸਿੱਖ ਸ਼ਕਤੀ ਦਾ ਸਰੋਤ ਹਨ। 



ਉਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਅਪਣੀ ਵੱਖਰੀ ਕਮੇਟੀ ਬਣਾ ਕੇ ਬਿਨਾ ਗੁਰਦਵਾਰਾ ਐਕਟ 1925 ਵਿਚ ਤਰਮੀਮ ਕਰਵਾਇਆਂ ਗੈਰ ਕਨੂੰਨੀ ਤੌਰ ਤੇ ਪੁਲਸ ਦੀ ਸਹਾਇਤਾ ਨਾਲ ਗੁਰਦਵਾਰਾ ਸਾਹਿਬਾਨ ਦਾ ਪ੍ਰਬੰਧ ਸ੍ਰੋਮਣੀ ਕਮੇਟੀ ਪਾਸੋਂ ਖੋਹ ਲਿਆ। ਕੁੱਝ ਅਖੌਤੀ ਪੰਥਕਾਂ ਨੇ ਇਸ ਤੇ ਹਰਿਆਣਾ ਸਰਕਾਰ ਦੀ ਇਸ ਕਾਰਵਾਈ ਦੀ ਖੁਸ਼ੀ ਮਨਾਈ ਤੇ ਕਈਆਂ ਨੇ ਮੌਨ ਧਾਰ ਲਈ। ਨਤੀਜਾ ਅੱਜ ਹਰਿਆਣਾ ਦੇ ਉਨਾਂ ਗੁਰਦਵਾਰਿਆਂ ਚ ਕਿਸਾਨਾ ਦੀ ਬਜਾਏ ਹਰਿਆਣੇ ਦੀ ਪੁਲੀਸ ਨੂੰ ਰਿਹਾਇਸ਼ ਤੇ ਲੰਗਰ ਮਿਲ ਰਿਹਾ ਹੈ ਤੇ ਇਨਾਂ ਪਾਸੌਂ ਸਿੱਖ ਧਰਮ ਵਿਰੋਧੀ ਵਸਤੂਆਂ ਵੀ ਸਿੱਖ ਨੌਜਵਾਨਾਂ ਨੇ ਬਰਾਮਦ ਕੀਤੀਆਂ ਹਨ। ਇਸ ਤੋਂ ਵੱਧ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ।


ਇਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸਖ਼ਤ ਇਤਰਾਜ਼ ਜਤਾਇਆ ਹੈ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਗੁਰਬਖਸ਼ ਸਿੰਘ ਖਾਲਸਾ ਨੇ ਵੀ ਹਰਿਆਣਾ ਕਮੇਟੀ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ ਹਨ।