ਚੰਡੀਗੜ੍ਹ: ਉੱਤਰਾਖੰਡ ਸਥਿਤ ਸਿੱਖਾਂ ਦੇ ਪ੍ਰਸਿੱਧ ਧਾਰਮਿਕ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਬੰਦ ਹੋ ਜਾਣਗੇ। ਸਰਦ ਰੁੱਤ ਦੌਰਾਨ ਸ਼ਰਧਾਲੂਆਂ ਲਈ ਵਾਤਾਵਰਨ ਅਨੁਕੂਲ ਨਾ ਰਹਿਣ ਕਾਰਨ ਸੰਗਤਾਂ ਸਾਲ ਦੇ ਪੰਜ ਕੁ ਮਹੀਨੇ ਹੀ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਸਕਦੀਆਂ ਹਨ। ਇਸ ਵਾਰ ਤਕਰੀਬਨ ਦੋ ਲੱਖ ਸ਼ਰਧਾਲੂਆਂ ਨੇ ਹੇਮਕੁੰਟ ਸਾਹਿਬ ਦੇ ਦਰਸ਼ਨ ਕੀਤੇ। ਹੇਮਕੁੰਟ ਸਾਹਿਬ ਪ੍ਰਬੰਧਕੀ ਟਰੱਸਟ ਨੇ ਸਾਲ ਦੇ ਆਖ਼ਰੀ ਸਮਾਗਮਾਂ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਹਨ। ਸਵੇਰੇ ਗਿਆਰਾਂ ਕੁ ਵਜੇ ਸੁਖਮਨੀ ਸਾਹਿਬ ਦੇ ਪਾਠ ਸੰਪੂਰਨ ਕੀਤੇ ਗਏ, ਇਸ ਉਪਰੰਤ ਸ਼ਬਦ ਕੀਰਤਨ ਕੀਤਾ ਗਿਆ। ਦੁਪਹਿਰ ਤੋਂ ਬਾਅਦ ਸਾਲ ਦੀ ਆਖ਼ਰੀ ਅਰਦਾਸ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਰਬਾਰ ਸਾਹਿਬ ਵਿਖੇ ਸੁਖਾਸਨ ਕਰਵਾ ਕੇ ਸੰਗਤਾਂ ਉੱਥੋਂ ਚਾਲੇ ਪਾ ਦੇਣਗੀਆਂ। ਦਿੱਲੀ ਦੇ ਜਨਕ ਸਿੰਘ ਦੇ ਜਥੇ ਸਮੇਤ ਸ੍ਰੀ ਹੇਮਕੁੰਟ ਸਾਹਿਬ ਵਿਖੇ ਤਕਰੀਬਨ ਦੋ ਹਜ਼ਾਰ ਸ਼ਰਧਾਲੂ ਮੌਜੂਦ ਹਨ। ਸਿੱਖ ਰੈਜੀਮੈਂਟ ਦੇ ਬੈਂਡ ਦੀਆਂ ਮਧੁਰ ਧੁਨੀਆਂ ਨਾਲ ਬਾਅਦ ਦੁਪਹਿਰ ਡੇਢ ਕੁ ਵਜੇ ਸਰਦ ਰੁੱਤ ਲਈ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਬੰਦ ਕਰ ਦਿੱਤੇ ਜਾਣਗੇ।