ਗਗਨਦੀਪ ਸ਼ਰਮਾ
ਅੰਮ੍ਰਿਤਸਰ: ਪੰਜਾਬ ਹੈਰੀਟੇਜ਼ ਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਹੁਣ ਹਾਲ ਗੇਟ ਤੇ ਕੱਟੜਾ ਸ਼ੇਰ ਸਿੰਘ ਅੰਦਰ ਸਥਿਤ ਮਾਰਕੀਟ ਦੀ ਸੁੰਦਰਤਾ ਨੂੰ ਉਸੇ ਤਰ੍ਹਾਂ ਚਾਰ ਚੰਨ ਲਾਉਣ ਜਾ ਰਿਹਾ ਹੈ, ਜਿਸ ਤਰ੍ਹਾਂ ਦਰਬਾਰ ਸਾਹਿਬ ਬਾਹਰ ਹੈਰੀਟੇਜ਼ ਸਟਰੀਟ ਬਣੀ ਹੈ। ਸਟਰੀਟ ਦੀ ਸੁੰਦਰਤਾ ਦਾ ਅਦਭੁਤ ਤੇ ਵਿਲੱਖਣ ਨਜ਼ਾਰਾ ਲੋਕਾਂ ਨੂੰ ਖਿੱਚਦਾ ਹੈ।
ਕਾਬਲੇਗੌਰ ਹੈ ਕਿ ਅਕਤੂਬਰ 2016 ਵਿੱਚ ਹੈਰੀਟੇਜ਼ ਸਟਰੀਟ ਜਦੋਂ ਬਣ ਕੇ ਤਿਆਰ ਹੋਈ ਤਾਂ ਇਸ ਦਾ ਮਨਮੋਹਕ ਨਜ਼ਾਰਾ ਤੇ ਸੁੰਦਰਤਾ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੇ ਮਨਾਂ ਵਿੱਚ ਅਲੌਕਿਕ ਛਾਪ ਛੱਡਦਾ ਹੈ। ਇਸ ਦਾ ਮੁੱਖ ਕਾਰਨ ਇਹ ਵੀ ਹੈ ਕਿ ਸਟਰੀਟ ਵਿੱਚ ਕਈ ਸੌ ਸਾਲ ਪੁਰਾਣੀਆਂ ਦੁਕਾਨਾਂ ਹਨ, ਉਨ੍ਹਾਂ ਨੂੰ ਬਾਹਰੋਂ ਇੱਕੋ ਜਿਹੀ ਦਿੱਖ ਦਿੱਤੀ ਗਈ ਸੀ। ਜਦੋਂ ਇਸ ਪ੍ਰਾਜੈਕਟ ਦੀ ਚੁਫੇਰਿਓਂ ਸ਼ਲਾਘਾ ਹੋਈ ਤਾਂ ਪੰਜਾਬ ਹੈਰੀਟੇਜ਼ ਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਨੇ ਇਸ ਪ੍ਰਾਜੈਕਟ ਨੂੰ ਹਾਲ ਗੇਟ ਦੀ ਮਾਰਕੀਟ ਤੇ ਸ੍ਰੀ ਦਰਬਾਰ ਸਾਹਿਬ ਦੇ ਰਸਤੇ ਤੋਂ ਬਾਹਰ ਆਉਣ ਵਾਲੀ ਮਾਰਕੀਟ ਉੱਪਰ ਵੀ ਇਸੇ ਤਰ੍ਹਾਂ ਹੀ ਦੁਕਾਨਾਂ ਨੂੰ ਬਾਹਰਲੇ ਪਾਸੋਂ ਨਵਾਂ ਰੂਪ ਦੇਣ ਦਾ ਪ੍ਰਾਜੈਕਟ ਤਿਆਰ ਕੀਤਾ।
ਇਸ ਦੀ ਸਰਕਾਰ ਕੋਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਪੰਦਰਾਂ ਕਰੋੜ ਦੀ ਲਾਗਤ ਨਾਲ ਇਸ ਪ੍ਰਾਜੈਕਟ ਨੂੰ ਅੰਮ੍ਰਿਤਸਰ ਦੇ ਹਾਲ ਗੇਟ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਦੇ ਹਾਲ ਗੇਟ ਵਿੱਚ ਸਥਿਤ ਮਾਰਕੀਟ ਵਿੱਚ ਸੌ ਸਾਲ ਤੋਂ ਵੀ ਪੁਰਾਣੀਆਂ ਦੁਕਾਨਾਂ ਮੌਜੂਦ ਹਨ। ਇਨ੍ਹਾਂ ਸਾਰੀਆਂ ਹੀ ਦੁਕਾਨਾਂ ਦੇ ਬਾਹਰਲੇ ਪਾਸਿਓਂ ਦੁਕਾਨਾਂ ਨੂੰ ਇੱਕੋ ਜਿਹੇ ਢੰਗ ਨਾਲ ਤਿਆਰ ਕਰਕੇ ਤਿੰਨ ਵੱਖ-ਵੱਖ ਰੰਗਾਂ ਵਿੱਚ ਪੇਂਟ ਕੀਤਾ ਜਾਵੇਗਾ।
ਇਨ੍ਹਾਂ ਦੇ ਬਾਹਰ ਉਸੇ ਹੀ ਤਰ੍ਹਾਂ ਨਾਲ ਸੁੰਦਰ ਸ਼ਬਦਾਵਲੀ ਪੰਜਾਬੀ ਤੇ ਅੰਗਰੇਜ਼ੀ ਵਿੱਚ ਦੁਕਾਨਾਂ ਦੇ ਨਾਮ ਲਿਖੇ ਜਾਣਗੇ ਜਿਵੇਂ ਹੈਰੀਟੇਜ਼ ਸਟਰੀਟ ਵਿੱਚ ਲਿਖੇ ਗਏ ਹਨ। ਇਹ ਪ੍ਰਾਜੈਕਟ ਜੂਨ 2020 ਤੱਕ ਤਿਆਰ ਹੋ ਜਾਵੇਗਾ। ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਮੁੱਖ ਰਸਤੇ ਹਾਲ ਗੇਟ ਵਿਚਲੀਆਂ ਦੁਕਾਨਾਂ ਤੇ ਦਰਬਾਰ ਸਾਹਿਬ ਤੋਂ ਬਾਹਰ ਆਉਣ ਵਾਲੇ ਰਸਤੇ ਕੱਟੜਾ ਸ਼ੇਰ ਸਿੰਘ ਜੋ ਪਿੰਕ ਪਲਾਜ਼ਾ ਮਾਰਕੀਟ ਤੱਕ ਹੁੰਦਾ ਹੈ, ਦੇ ਦੋਵੇਂ ਬਾਜ਼ਾਰਾਂ ਦੀਆਂ ਦੁਕਾਨਾਂ ਨੂੰ ਇੱਕੋ ਹੀ ਤਰੀਕੇ ਨਾਲ ਬਾਹਰੋਂ ਤਿਆਰ ਕੀਤਾ ਜਾਵੇਗਾ।
ਹੈਰੀਟੇਜ਼ ਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਪ੍ਰਾਜੈਕਟ ਮੈਨੇਜਰ ਏਕੇ ਮਿਸ਼ਰਾ ਨੇ ਦੱਸਿਆ ਕਿ ਸਾਰੇ ਹੀ ਦੁਕਾਨਦਾਰਾਂ ਦੀ ਇਸ ਵਿੱਚ ਸਹਿਮਤੀ ਲਈ ਗਈ ਹੈ। ਇਸ ਦਾ ਮਕਸਦ ਸ੍ਰੀ ਦਰਬਾਰ ਸਾਹਿਬ ਤੱਕ ਜਾਣ ਵਾਲੇ ਰਸਤੇ ਨੂੰ ਸੁੰਦਰ ਦਿੱਖ ਦਿਵਾਉਣਾ ਹੈ। ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਸਮੇਂ 'ਤੇ ਹੀ ਮੁਕੰਮਲ ਹੋ ਜਾਵੇਗਾ ਤੇ ਤਕਰੀਬਨ 700 ਦੇ ਕਰੀਬ ਦੁਕਾਨਾਂ ਦੀ ਰੈਨੋਵੇਸ਼ਨ ਕੀਤੀ ਜਾਵੇਗੀ। ਹਾਲ ਗੇਟ ਅੰਦਰ ਕੰਮ ਤੇ਼ੀ ਨਾਲ ਚੱਲ ਰਿਹਾ ਹੈ।
ਦੂਜੇ ਪਾਸੇ ਹਾਲ ਗੇਟ ਦੀਆਂ ਦੁਕਾਨਾਂ ਦੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਸਰਕਾਰ ਦੇ ਇਸ ਪ੍ਰਾਜੈਕਟ ਨੂੰ ਬਹੁਤ ਵਧੀਆ ਦੱਸਿਆ ਪਰ ਉਨ੍ਹਾਂ ਦੇ ਮਨਾਂ ਵਿੱਚ ਆਪਣੀ ਦੁਕਾਨਦਾਰੀ ਸਬੰਧੀ ਕੁਝ ਛੋਟੇ ਇਤਰਾਜ਼ ਜ਼ਰੂਰ ਸਨ। ਇਸ ਨੂੰ ਉਹ ਪ੍ਰਾਜੈਕਟ ਦੀ ਟੀਮ ਕੋਲੋਂ ਬੈਠ ਕੇ ਸੁਲਝਾਉਣ ਦੀ ਅਪੀਲ ਵੀ ਕਰਦੇ ਹਨ।
ਦਰਬਾਰ ਸਾਹਿਬ ਦੀ ਬਾਹਰੀ ਦਿੱਖ ਨੂੰ ਲੱਗਣਗੇ ਹੋਰ ਚਾਰ ਚੰਨ
ਏਬੀਪੀ ਸਾਂਝਾ
Updated at:
20 Sep 2019 05:51 PM (IST)
ਪੰਜਾਬ ਹੈਰੀਟੇਜ਼ ਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਹੁਣ ਹਾਲ ਗੇਟ ਤੇ ਕੱਟੜਾ ਸ਼ੇਰ ਸਿੰਘ ਅੰਦਰ ਸਥਿਤ ਮਾਰਕੀਟ ਦੀ ਸੁੰਦਰਤਾ ਨੂੰ ਉਸੇ ਤਰ੍ਹਾਂ ਚਾਰ ਚੰਨ ਲਾਉਣ ਜਾ ਰਿਹਾ ਹੈ, ਜਿਸ ਤਰ੍ਹਾਂ ਦਰਬਾਰ ਸਾਹਿਬ ਬਾਹਰ ਹੈਰੀਟੇਜ਼ ਸਟਰੀਟ ਬਣੀ ਹੈ। ਸਟਰੀਟ ਦੀ ਸੁੰਦਰਤਾ ਦਾ ਅਦਭੁਤ ਤੇ ਵਿਲੱਖਣ ਨਜ਼ਾਰਾ ਲੋਕਾਂ ਨੂੰ ਖਿੱਚਦਾ ਹੈ।
- - - - - - - - - Advertisement - - - - - - - - -