ਫ਼ਿਰੋਜ਼ਪੁਰ: ਸੀਮਾ ਸੁਰੱਖਿਆ ਬਲ ਕਾਊਂਟਰ ਇੰਟੈਲੀਜੈਸ ਵੱਲੋਂ ਹੂਸੈਨੀਵਾਲਾ ਦੀ ਬੀ.ਓ.ਪੀ. ਸਤਪਾਲ ਚੌਕੀ ਰਾਹੀਂ ਭੇਜੀ ਜਾ ਰਹੀ 22 ਕਿੱਲੋ ਹੈਰੋਇਨ ਤੇ ਇੱਕ ਪਿਸਤੌਲ ਤੇ ਮੈਗਜ਼ੀਨ ਨੂੰ ਬੀ.ਐਸ.ਐਫ. ਦੀ 105 ਬਟਾਲੀਅਨ ਦੇ ਜਵਾਨਾਂ ਵੱਲੋਂ ਬਰਾਮਦ ਕੀਤਾ ਹੈ। ਸਰਹੱਦ 'ਤੇ ਹਿੱਲਜੁਲ ਹੁੰਦੀ ਦੇਖ ਤਾਇਨਾਤ ਜਵਾਨਾਂ ਨੇ ਲਲਕਾਰਿਆ ਅਤੇ ਤਸਕਰਾਂ ਨੇ ਫਾਈਰ ਕਰ ਦਿੱਤਾ। ਜਵਾਨਾਂ ਵੱਲੋਂ ਕੀਤੇ ਜਵਾਬੀ ਫਾਈਰ ਵਿੱਚ ਤਸਕਰ ਨਸ਼ੇ ਦੀ ਖੇਪ ਉੱਥੇ ਹੀ ਛੱਡ ਧੁੰਦ ਦਾ ਫਾਈਦਾ ਚੁੱਕ ਫਰਾਰ ਹੋ ਗਏ। ਸਰਹੱਦ ਪਾਰ ਤੋਂ ਆਈ ਹੈਰੋਇਨ ਨੂੰ ਲੈਣ ਆਏ ਤਸਕਰਾਂ ਨੂੰ ਕਾਊਂਟਰ ਇੰਟੈਲੀਜੈਂਸ ਨੇ ਕਾਬੂ ਕਰ ਲਿਆ। ਸਰਹੱਦ ਤੋਂ ਬਰਾਮਦ ਹੋਈ ਹੈਰੋਇਨ ਦੀ ਪੁਸ਼ਟੀ ਕਰਦਿਆਂ ਡੀ.ਆਈ.ਜੀ. ਬੀ.ਐਸ.ਐਫ. ਨੇ ਸਪੱਸ਼ਟ ਕੀਤਾ ਕਿ ਬਰਾਮਦ ਹੋਈ ਹੈਰੋਇਨ ਦੀ ਕੀਮਤ ਤਕਰੀਬਨ 110 ਕਰੋੜ ਰੁਪਏ ਬਣਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਸ਼ੇ ਦੀ ਸਪਲਾਈ ਪਲਾਸਟਿਕ ਦੀ ਪਾਈਪ ਰਾਹੀਂ ਕੀਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਤੇ ਬੀ.ਐਸ.ਐਫ. ਦੇ ਸਾਂਝੇ ਆਪ੍ਰੇਸ਼ਨ ਦੌਰਾਨ ਤਿੰਨ ਤਸਕਰਾਂ ਨੂੰ ਕਾਬੂ ਕੀਤਾ ਗਿਆ, ਜਦੋਂ ਕਿ ਮੁੱਖ ਸਰਗਨਾ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਡੀ.ਆਈ.ਜੀ ਨੇ ਸਪੱਸ਼ਟ ਕੀਤ ਕਿ ਇਕ ਤਸਕਰ ਨੂੰ ਗੋਲੀ ਵੀ ਲੱਗੀ ਹੈ। ਪਾਕਿਸਤਾਨ ਤੋਂ ਉਕਤ ਖੇਪ ਸੁੱਟਣ ਵਾਲੇ ਵੀ ਹੋਲੀਬਾਰੀ ਕਾਰਨ ਮੌਕੇ ਤੋਂ ਫਰਾਰ ਹੋ ਗਏ।