ਅੰਮ੍ਰਿਤਸਰ: ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਅੰਮ੍ਰਿਤਸਰ ਵਿੱਚ ਨਸ਼ਾ ਤਸਕਰ ਨੂੰ ਇੱਕ ਕਿਲੋ ਹੈਰੋਇਨ ਤੇ 80 ਹਾਜ਼ਰ ਰੁਪਏ ਭਾਰਤੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਸ਼ਖਸ ਦਾ ਨਾਮ ਗੁਰਪ੍ਰੀਤ ਸਿੰਘ ਹੈ। ਉਹ ਜਲੰਧਰ ਦਾ ਰਹਿਣ ਵਾਲਾ ਹੈ।
ਕਾਊਂਟਰ ਇੰਟੈਲਜੈਂਸ ਦੇ ਆਈ.ਜੀ ਐਮ.ਐਫ ਫਾਰੂਕੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਕਾਰਵਾਈ ਕਰਦਿਆਂ ਇਸ ਨਸ਼ਾ ਤਸਕਰ ਨੂੰ ਕਾਬੂ ਕਾਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਪਹਿਲਾਂ ਜੰਡਿਆਲਾ ਗੁਰੂ ਵਿੱਚ ਰਹਿੰਦਾ ਸੀ ਤੇ ਅੱਜਕੱਲ੍ਹ ਜਲੰਧਰ ਵਿੱਚ ਰਹਿ ਰਿਹਾ ਸੀ।
ਉਨ੍ਹਾਂ ਕਿਹਾ ਕਿ ਗੁਰਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਵਿੱਚ ਨਵੇਂ ਬਣੇ ਗੋਲਡਨ ਸਵਾਗਤੀ ਗੇਟ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਹੈਰੋਇਨ ਦੀ ਖੇਪ ਸਮੇਤ ਖੜ੍ਹਾਂ ਸੀ। ਉਸ ਨੂੰ ਇਹ ਖੇਪ ਦੇਣੀ ਸੀ, ਉਸ ਦਾ ਇੰਤਜ਼ਾਰ ਕਰ ਰਿਹਾ ਸੀ। ਗੁਰਪ੍ਰੀਤ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ ਹੈਰੋਇਨ ਦਿੱਲੀ ਤੋਂ ਕਿਸੇ ਅਣਪਛਾਤੇ ਤਸਕਰ ਕੋਲੋਂ ਲੈ ਕੇ ਇੱਥੇ ਪੁੱਜਾ ਸੀ। ਉਸ ਨੇ ਇਹ ਖੇਪ ਅੰਮ੍ਰਿਤਸਰ ਦੇ ਕਿਸੇ ਨਸ਼ਾ ਤਸਕਰ ਨੂੰ ਸੌਂਪਣੀ ਸੀ ਪਰ ਉਹ ਪਹਿਲਾਂ ਹੀ ਪੁਲਿਸ ਦੇ ਹੱਥੇ ਚੜ੍ਹ ਗਿਆ।
ਪੁਲਿਸ ਮੁਤਾਬਕ ਗੁਰਪ੍ਰੀਤ ਸਿੰਘ ਹੁਣ ਤੱਕ 3-4 ਵਾਰ ਨਸ਼ੇ ਦੀ ਖੇਪ ਦਿੱਲੀ ਤੋਂ ਲਿਆ ਕੇ ਅੰਮ੍ਰਿਤਸਰ ਵਿੱਚ ਵੇਚ ਚੁੱਕਾ ਹੈ। ਇਸ ਉੱਤੇ ਪਹਿਲਾਂ ਵੀ ਹੈਰੋਇਨ ਤੇ ਅਫੀਮ ਦੀ ਤਸਕਰੀ ਦਾ ਇੱਕ ਕੇਸ ਚੱਲ ਰਿਹਾ ਹੈ।