ਚੰਡੀਗੜ੍ਹ: ਬਰਗਾੜੀ ਇਨਸਾਫ ਮੋਰਚੇ ਦੇ ਸੰਚਾਲਕ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਸਿੱਖ ਮਸਲਿਆਂ ਦਾ ਹੱਲ ਕੱਢਣ ਲਈ ਇਨਸਾਫ ਮੋਰਚੇ ਦੀ ਅਗਵਾਈ ਵਿੱਚ ਹਾਈਕੋਰਟ ਦੇ ਸੀਨੀਅਰ ਵਕੀਲਾਂ ਦਾ ਪੈਨਲ ਬਣਾਇਆ ਗਿਆ ਹੈ। ਇਹ ਪੈਨਲ ਬੇਅਦਬੀ ਮਾਮਲਿਆਂ, ਕੋਟਕਪੂਰਾ ਤੇ ਬਹਿਬਲ ਕਲਾਂ ਦੇ ਗੋਲੀ ਕਾਂਡ ਦੇ ਨਾਲ-ਨਾਲ ਸਿੱਖਾਂ ਦੇ ਹੋਰ ਮਸਲਿਆਂ ਦੀ ਵੀ ਪੈਰਵਾਈ ਕਰੇਗਾ।

ਵਕੀਲਾਂ ਦੇ ਪੈਨਲ ਵਿੱਚ ਅਮਰ ਸਿੰਘ ਚਾਹਲ (ਚੰਡੀਗੜ੍ਹ), ਨਵਕਿਰਨ ਸਿੰਘ (ਚੰਡੀਗੜ੍ਹ), ਜਸਟਿਸ ਅਜੀਤ ਸਿੰਘ ਬੈਂਸ ਦੇ ਪੁੱਤਰ ਰਾਜਵਿੰਦਰ ਸਿੰਘ ਬੈਂਸ (ਚੰਡੀਗੜ੍ਹ), ਜਸਪਾਲ ਸਿੰਘ ਮੰਝਪੁਰ (ਲੁਧਿਆਣਾ), ਹਰਪਾਲ ਸਿੰਘ (ਫਤਿਹਗੜ੍ਹ ਸਾਹਿਬ), ਸਿਮਰਨਜੀਤ ਸਿੰਘ (ਚੰਡੀਗੜ੍ਹ) ਨੂੰ ਸ਼ਾਮਲ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਜਥੇਦਾਰ ਧਿਆਨ ਸਿੰਘ ਮੰਡ ਦੇ ਨਿੱਜੀ ਸਹਾਇਕ ਜਗਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਵਿੱਚ ਦੋਸ਼ੀ ਪਾਏ ਗਏ ਪੁਲਿਸ ਅਧਿਕਾਰੀਆਂ ਨੇ ਆਪਣੀ ਗ੍ਰਿਫ਼ਤਾਰੀ ’ਤੇ ਰੋਕ ਲਾਉਣ ਲਈ ਅਦਾਲਤ ਦਾ ਸਹਾਰਾ ਲਿਆ ਸੀ ਤਾਂ ਉਦੋਂ ਤੋਂ ਹੀ ਇਸ ਪੈਨਲ ’ਤੇ ਵਿਚਾਰਾਂ ਚੱਲ ਰਹੀਆਂ ਸੀ।

ਉਨ੍ਹਾਂ ਦੱਸਿਆ ਕਿ ਬੇਅਦਬੀ ਕਾਂਡ ਵਿੱਚ ਵੀ ਜਿਨ੍ਹਾਂ ਅਫ਼ਸਰਾਂ ਦਾ ਨਾਂ ਆਇਆ ਸੀ। ਉਨ੍ਹਾਂ ਜ਼ਮਾਨਤ ਲਈ ਪਟੀਸ਼ਨ ਪਾਈ ਸੀ। ਉਸ ਸਮੇਂ ਪਟੀਸ਼ਨ ਦੇ ਫੈਸਲੇ ਦਾ ਵਿਰੋਧ ਕਰਨ ਲਈ ਸਰਕਾਰੀ ਧਿਰ ਦਾ ਕੋਈ ਵੀ ਵਕੀਲ ਪੇਸ਼ ਨਹੀਂ ਹੋਇਆ, ਇਸ ਲਈ ਹੁਣ ਇਹ ਪੈਨਲ ਤਿਆਰ ਕੀਤਾ ਗਿਆ ਹੈ।