ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਪਾਕਿਸਤਾਨ ਨਾਲ ਸਬੰਧ ਰੱਖਦੇ ਗੈਂਗਸਟਰ ਬਲਜਿੰਦਰ ਸਿੰਘ ਉਰਫ਼ ਬਿੱਲਾ ਕੋਲੋਂ ਅਤਿ ਆਧੁਨਿਕ ਹਥਿਆਰਾਂ ਦੀ ਬਰਾਮਦਗੀ ਨੇ ਪੰਜਾਬ ਪੁਲਿਸ ਨੂੰ ਚੱਕਰਾਂ ਚ ਪਾ ਦਿੱਤਾ ਹੈ। ਗੈਂਗਸਟਰ ਤੋਂ ਬਰਾਮਦ ਹੋਈਆਂ ਦੋ ਡਰੱਮ ਗਨ ਮਸ਼ੀਨਾਂ ਦੇਖ ਕੇ ਪੰਜਾਬ ਪੁਲਿਸ ਵੀ ਹੈਰਾਨ ਹੈ। ਇਸ ਤੋਂ ਇਲਾਵਾ ਗੈਂਗਸਟਰ ਤੋਂ ਯੂਐਸ ਸੀਕ੍ਰੇਟ ਸਰਵਿਸ ਏਜੰਸੀ ਦੇ ਜਰਮਨ ਮੇਡ ਐਸਆਈਜੀ ਸੁਏਰ ਤੇ ਆਸਟਰੀਆ ਮੇਡ ਗਲਾਕ ਪਿਸਟਲ ਦੀ ਬਰਾਮਦਗੀ ਵੀ ਵੱਡੇ ਖਤਰੇ ਦਾ ਸੰਕੇਤ ਹੈ।


ਅੱਤਵਾਦ ਦੇ ਦੌਰ 'ਚ ਕਿਸੇ ਅੱਤਵਾਦੀ ਤੋਂ ਡਰੱਮ ਗੰਨ ਮਸ਼ੀਨ ਮਿਲੀ ਸੀ। ਉਸ ਤੋਂ ਬਾਅਦ ਹੁਣ ਪਹਿਲੀ ਵਾਰ ਕਿਸੇ ਤੋਂ ਦੋ ਡਰੱਮ ਗੰਨ ਮਸ਼ੀਨਾਂ ਮਿਲੀਆਂ ਹਨ ਜੋ ਇਸ ਗੱਲ ਵੱਲ ਇਸ਼ਾਰਾ ਕਰ ਰਹੀਆਂ ਹਨ ਕਿ ਇਨ੍ਹਾਂ ਹਥਿਆਰਾਂ ਪਿੱਛੇ ਪਾਕਿਸਤਾਨ ਦੀ ਖੁਫੀਆਂ ਏਜੰਸੀ ਆਈਐਸਆਈ ਦਾ ਹੱਥ ਹੈ।


ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੀ ਖੁਲਾਸਾ ਕਰ ਚੁੱਕੇ ਹਨ ਕਿ ਗ੍ਰਿਫ਼ਤਾਰ ਕੀਤੇ ਬਿੱਲਾ ਦੇ ਪਾਕਿਸਤਾਨੀ ਗੈਰਕਾਨੂੰਨੀ ਹਥਿਆਰ ਤਸਕਰਾਂ ਨਾਲ ਸਬੰਧ ਹਨ। ਪਾਕਿਸਤਾਨ 'ਚ ਸ਼ਰਨ ਲੈਕੇ ਰਹਿ ਰਹੇ ਕੇਐਲਐਫ ਤੇ ਕੇਜੈਡਐਫ ਸੰਗਠਨ ਨਾਲ ਵੀ ਉਸ ਦਾ ਮੇਲਜੋਲ ਹੈ।


ਅਜਿਹੇ 'ਚ ਏਨੀ ਵੱਡੀ ਤਾਦਾਦ 'ਚ ਹਥਿਆਰ, ਗੋਲ਼ੀ ਸਿੱਕਾ ਤੇ ਪੈਸੇ ਕਿਸੇ ਵੱਡੀ ਘਟਨਾ ਨੂੰ ਅੰਜ਼ਾਮ ਦੇਣ ਦੇ ਮਕਸਦ ਤਹਿਤ ਹੀ ਲਿਆਂਦੇ ਗਏ ਹਨ। ਪੰਜਾਬ ਪੁਲਿਸ ਤੇ ਖੁਫੀਆਂ ਏਜੰਸੀਆਂ ਲਈ ਇਸ ਮਕਸਦ ਨੂੰ ਟਰੇਸ ਕਰਨਾ ਕਾਫੀ ਜ਼ਰੂਰੀ ਹੈ।


ਗੈਂਗਸਟਰ ਬਿੱਲਾ ਨੂੰ ਸੁਲਤਾਨਪੁਰ ਲੋਧੀ ਨੇੜਲੇ ਪਿੰਡ ਕਮਾਲਪੁਰ ਮੋਠਾਂਵਾਲ 'ਚ ਪੰਜਾਬ ਪੁਲਿਸ ਦੀ ਆਰਗੇਨਾਇਜ਼ਡ ਕ੍ਰਾਇਮ ਕੰਟਰੋਲ ਯੂਨਿਟ, ਕਾਊਂਟਰ ਇੰਟੈਲੀਜੈਂਸ ਜਲੰਧਰ ਤੇ ਕਪੂਰਥਾਲ ਪੁਲਿਸ ਨੇ ਸਾਂਝੇ ਆਪਰੇਸ਼ਨ ਤਹਿਤ ਗ੍ਰਿਫ਼ਤਾਰ ਕੀਤਾ ਹੈ।


ਇਹ ਵੀ ਪੜ੍ਹੋ: ਕੋਵਿਡ-19 ਦਾ ਟੀਕਾ ਤਿਆਰ ਕਰਨ ਲਈ ਭਾਰਤ 'ਚ ਯਤਨ ਤੇਜ਼


25 ਅਪ੍ਰੈਲ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਅੱਤਵਾਦੀ ਰਿਆਜ਼ ਨਾਇਕੂ ਦੇ ਸਾਥੀ ਹਿਲਾਲ ਅਹਿਮਦ ਵਾਗੇ ਨੂੰ ਰਕਮ ਦੇਣ ਆਏ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਤੋਂ ਬਾਅਦ ਹੀ ਪੁਲਿਸ ਨੂੰ ਇਇਙ ਵੱਡੀ ਕਾਮਯਾਬੀ ਮਿਲੀ ਹੈ। ਫ਼ਿਲਹਾਲ ਪੁਲਿਸ ਇਸ ਮਾਮਲੇ 'ਚ ਪੁੱਛਗਿੱਛ ਕਰ ਰਹੀ ਹੈ ਤੇ ਆਉਣ ਵਾਲੇ ਦੋ-ਤਿੰਨ ਦਿਨਾਂ ਤਕ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ