ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਦੇ ਪੇਂਟਰ ਦੀ ਪੰਜਾਬ ਵਿੱਚ ਕਿਸਮਤ ਖੁੱਲ੍ਹੀ ਹੈ। ਪੇਂਟਰ, ਪਲੰਬਰ ਤੇ ਇਲੈਕਟ੍ਰੀਸ਼ਨ ਦਾ ਕੰਮ ਕਰਨ ਵਾਲੇ ਸੰਜੀਵ ਦੀ ਢਾਈ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਸੰਜੀਵ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਵਿੱਚ ਪੈਂਦੇ ਪਿੰਡ ਚੂਰੜੂ ਦਾ ਵਸਨੀਕ ਹੈ।


ਸੰਜੀਵ ਨੇ ਪੰਜਾਬ ਰਾਜ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ-2019 ਦਾ ਟਿਕਟ ਖਰੀਦਿਆ ਸੀ। ਸੰਜੀਵ ਨੇ ਦੱਸਿਆ ਕਿ ਪੀਜੀਆਈ, ਚੰਡੀਗੜ੍ਹ ਤੋਂ ਆਪਣੇ ਬੇਟੇ ਨੂੰ ਦਿਵਾਈ ਦਿਵਾਉਣ ਬਾਅਦ ਪਿੰਡ ਨੂੰ ਪਰਤਦੇ ਸਮੇਂ ਉਸ ਨੇ ਨੰਗਲ ਦੇ ਬੱਸ ਅੱਡੇ ਨੇੜਲੇ ਲਾਟਰੀ ਟਿਕਟ ਸਟਾਲ ਤੋਂ ਦੋ ਟਿਕਟਾਂ ਖਰੀਦੀਆਂ ਸਨ। ਉਸ ਨੂੰ ਟਿਕਟ ਨੰਬਰ ਏ-411577 ਨੇ ਰਾਤੋ-ਰਾਤ ਕਰੋੜਪਤੀ ਬਣਾ ਦਿੱਤਾ ਹੈ।

ਉਸ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਵਿੱਚ ਇਕੱਲਾ ਕਮਾਊ ਹੈ ਤੇ ਉਸ ਨੂੰ ਉਮੀਦ ਹੈ ਕਿ ਇਹ ਵੱਡੀ ਇਨਾਮੀ ਰਾਸ਼ੀ ਉਸ ਦੀਆਂ ਸਾਰੀਆਂ ਮਾਲੀ ਮੁਸ਼ਕਲਾਂ ਖ਼ਤਮ ਕਰ ਦੇਵੇਗੀ। ਇੱਕ ਧੀ ਤੇ ਪੁੱਤਰ ਦੇ ਬਾਪ ਸੰਜੀਵ ਨੇ ਭਵਿੱਖੀ ਯੋਜਨਾਵਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਹ ਰਾਸ਼ੀ ਉਹ ਆਪਣੇ ਬੱਚਿਆਂ ਦੀ ਪੜ੍ਹਾਈ ’ਤੇ ਖਰਚ ਕਰਨਾ ਚਾਹੁੰਦਾ ਹੈ।