ਅੰਮ੍ਰਿਤਸਰ: ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਪੈਦਾ ਹੋਈ ਹਿਨਾ ਅੱਜ ਆਪਣੀ ਮਾਂ ਤੇ ਮਾਸੀ ਸਮੇਤ ਜੇਲ੍ਹ ਵਿੱਚੋਂ ਜਿੱਦਾਂ ਹੀ ਬਾਹਰ ਨਿਕਲੀ ਤਾਂ ਉਸ ਦੇ ਚਿਹਰੇ 'ਤੇ ਅਜੀਬ ਖੁਸ਼ੀ ਸੀ। ਹਿਨਾ ਅੱਜ ਤੋਂ 11 ਸਾਲ ਪਹਿਲਾਂ ਇਸੇ ਹੀ ਜੇਲ੍ਹ ਵਿੱਚ ਪੈਦਾ ਹੋਈ ਸੀ। ਦਰਅਸਲ ਸਾਲ 2006 ਵਿੱਚ ਅਟਾਰੀ ਰੇਲਵੇ ਸਟੇਸ਼ਨ ਤੋਂ ਦੋ ਔਰਤਾਂ ਨੂੰ ਨਸ਼ੀਲੇ ਪਦਾਰਥ ਤੇ ਜਾਅਲੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਇੱਕ ਔਰਤ ਫਾਤਿਮਾ ਗਰਭਵਤੀ ਸੀ। ਉਸ ਨੇ ਜੇਲ੍ਹ ਅੰਦਰ ਹੀ ਹਿਨਾ ਨੂੰ ਜਨਮ ਦਿੱਤਾ ਸੀ। ਹਿਨਾ ਦਾ ਜਨਮ ਭਾਰਤ ਦੀ ਜੇਲ੍ਹ ਵਿੱਚ ਹੋਇਆ ਪਰ ਉਸ ਨੂੰ ਪਾਕਿਸਤਾਨ ਦੀ ਨਾਗਰਿਕਤਾ ਮਿਲਦੀ ਹੈ ਜਾਂ ਨਹੀਂ। ਇਸ ਲਈ ਪਰਿਵਾਰ ਨੂੰ ਆਪਣੇ ਵਤਨ ਪੁੱਜਣ ਤੋਂ ਬਾਅਦ ਵੀ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 2006 ਵਿੱਚ ਸਮਝੌਤਾ ਐਕਸਪ੍ਰੈਸ ਰੇਲ ਗੱਡੀ ਰਾਹੀਂ ਅਟਾਰੀ ਸਰਹੱਦ ਪਾਰ ਕਰਨ ਮਗਰੋਂ ਭਾਰਤ ਪੁੱਜੀਆਂ ਦੋ ਸਕੀਆਂ ਭੈਣਾਂ ਮੁਮਤਾਜ਼ ਤੇ ਫਾਤਿਮਾ ਨੂੰ ਕਸਟਮ ਵਿਭਾਗ ਨੇ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਸੀ। ਇਸ ਮਗਰੋਂ ਅਦਾਲਤ ਵੱਲੋਂ ਦੋਹਾਂ ਨੂੰ 11 ਸਾਲ ਦੀ ਸਜ਼ਾ ਤੇ 2-2 ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਸੀ। ਇਨ੍ਹਾਂ ਵੱਲੋਂ ਜੇਲ੍ਹ ਵਿੱਚ ਜਮ੍ਹਾ ਕਾਰਵਾਈ ਜਾਣ ਵਾਲੀ ਰਕਮ ਵੀ ਸਰਬੱਤ ਦਾ ਭਲਾ ਸੰਸਥਾ ਦੇ ਮੁਖੀ ਤੇ ਸਮਾਜ ਸੇਵਕ ਨਵਤੇਜ ਸਿੰਘ ਗੱਗੂ ਵੱਲੋਂ ਦਿੱਤੀ ਗਈ ਸੀ। ਉਸ ਤੋਂ ਬਾਅਦ ਹੀ ਇਨ੍ਹਾਂ ਦੇ ਨਾਲ-ਨਾਲ ਹਿਨਾ ਦੀ ਰਿਹਾਈ ਤੇ ਵਤਨ ਵਾਪਸੀ ਦੀ ਉਮੀਦ ਜਾਗੀ ਸੀ। ਪਾਕਿਸਤਾਨ ਦੇ ਗੁੱਜਰਾਂਵਾਲਾ ਨਿਵਾਸੀ ਸੈਫੂਦੀਨ ਦੀ ਪਤਨੀ ਫਾਤਿਮਾ ਤੇ ਉਸ ਦੀ ਭੈਣ ਮੁਮਤਾਜ਼ 8 ਦਸੰਬਰ, 2006 ਨੂੰ ਭਾਰਤ ਆਈਆਂ ਸਨ ਜਿੱਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਨ੍ਹਾਂ ਦੀ ਮਦਦ ਕਰ ਰਹੀ ਭਾਰਤੀ ਵਕੀਲ ਨਵਜੋਤ ਕੌਰ ਚੱਬ ਨੇ ਦੱਸਿਆ ਕਿ ਇਹ ਦੋਵੇਂ ਔਰਤਾਂ 2016 ਵਿੱਚ ਹੀ ਆਪਣੀ ਸਜ਼ਾ ਪੂਰੀ ਕਰ ਚੁੱਕੀਆਂ ਸਨ ਪਰ ਇਨ੍ਹਾਂ ਕੋਲ ਜ਼ੁਰਮਾਨੇ ਦੀ ਰਕਮ ਨਾ ਹੋਣ ਕਰਕੇ ਇਨ੍ਹਾਂ ਨੂੰ 11 ਸਾਲਾ ਹਿਨਾ ਸਮੇਤ ਜੇਲ੍ਹ ਵਿੱਚ ਹੀ ਰਹਿਣਾ ਪੈ ਰਿਹਾ ਸੀ। ਅੱਜ ਜਿੱਦਾਂ ਹੀ ਹਿਨਾ ਉਸ ਦੀ ਮਾਂ ਤੇ ਮਾਸੀ ਨੂੰ ਜੇਲ੍ਹ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਲਿਆਂਦਾ ਗਿਆ ਤਾਂ ਹਿਨਾ ਭਾਵੁਕ ਹੋ ਗਈ। ਹਿਨਾ ਦੀ ਮਾਂ ਫਾਤਿਮਾ ਨੇ ਦੱਸਿਆ ਕਿ ਉਹ ਜੇਲ੍ਹ ਵਿੱਚੋਂ ਰਿਹਾਅ ਹੋਣ ਦੀ ਆਸ ਛੱਡ ਚੁੱਕੀਆਂ ਸਨ ਪਰ ਭਾਰਤ ਵਿੱਚ ਰਹਿਣ ਵਾਲੇ ਲੋਕਾਂ ਤੋਂ ਉਨ੍ਹਾਂ ਨੂੰ ਬਹੁਤ ਸਾਰਾ ਪਿਆਰ ਮਿਲਿਆ। ਜੇਲ੍ਹ ਵਿੱਚ ਬੰਦ ਮਹਿਲਾਵਾਂ ਵੀ ਉਨ੍ਹਾਂ ਦੀ ਬੇਟੀ ਨੂੰ ਬਹੁਤ ਪਿਆਰ ਕਰਦੀਆਂ ਸਨ। ਉਨ੍ਹਾਂ ਨੇ ਦੱਸਿਆ ਕਿ ਉਸ ਦੀ ਬੇਟੀ ਡਾਕਟਰ ਬਣਨਾ ਚਾਹੁੰਦੀ ਹੈ ਤੇ ਉਹ ਉੱਥੇ ਜਾ ਕੇ ਉਸ ਨੂੰ ਜ਼ਰੂਰ ਪੜ੍ਹਾਉਣ-ਲਿਖਾਉਣਗੇ।