ਲੁਧਿਆਣਾ : ਲੁਧਿਆਣਾ ਦੇ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਪ੍ਰਾਚੀਨ ਸ਼ਿਵ ਮੰਦਿਰ ਦੇ ਨੇੜੇ ਪਿੱਪਲ ਦੇ ਰੁੱਖ ਹੇਠੋਂ ਹਿੰਦੂ ਧਰਮ ਦੇ ਗ੍ਰੰਥ ਕਾਫ਼ੀ ਪੁਰਾਣੀ ਹਾਲਤ ਦੇ ਵਿੱਚ ਬਰਾਮਦ ਹੋਏ ਹਨ। ਜਿਸ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।  ਇਸ ਮੌਕੇ 'ਤੇ ਹਿੰਦੂ ਜਥੇਬੰਦੀਆਂ ਨੇ ਪਹੁੰਚ ਕੇ ਇਨ੍ਹਾਂ ਗ੍ਰੰਥਾਂ ਨੂੰ ਪੁਲਿਸ ਦੇ ਹਵਾਲੇ ਕਰਦਿਆਂ ਜਾਂਚ ਦੀ ਮੰਗ ਕੀਤੀ ਹੈ। 


 

ਹਿੰਦੂ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਫੁਟੇਜ ਕੱਢਵਾ ਕੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਜਾਣਕਾਰੀ ਅਨੁਸਾਰ ਸ੍ਰੀ ਭਗਵਤ ਗੀਤਾ, ਗਰੁੜ ਪੁਰਾਣ, ਸ਼ਿਵ ਪੁਰਾਣ ਦੇ ਖੰਡਿਤ ਅੰਗ ਮਿਲੇ ਹਨ, ਜਿਨ੍ਹਾਂ ਨੂੰ ਸ਼ਰਧਾ ਪੂਰਵਕ ਹਿੰਦੂ ਜਥੇਬੰਦੀਆਂ ਦੇ ਆਗੂਆਂ ਵੱਲੋਂ ਪੁਲੀਸ ਦੇ ਹਵਾਲੇ ਕੀਤਾ ਗਿਆ। 

 

ਇਸ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕਰਦਿਆਂ ਮੁਲਜ਼ਮਾਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ। ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਨੇ ਕਿਹਾ ਕਿ ਇਹ ਪੂਰੀ ਘਟਨਾ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਿਲਕੁਲ ਸਾਹਮਣੇ ਵਾਪਰੀ ਹੈ ਅਤੇ ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਹੋਣ ਦੇ ਬਾਵਜੂਦ ਸਰਕਾਰਾਂ ਸੁੱਤੀਆਂ ਪਈਆਂ ਹਨ। 
 


ਓਧਰ ਦੂਜੇ ਪਾਸੇ ਮੌਕੇ 'ਤੇ ਪਹੁੰਚੇ ਏਸੀਪੀ ਨਰੇਸ਼ ਬਹਿਲ ਨੇ ਧਾਰਮਿਕ ਗ੍ਰੰਥਾਂ ਦੇ ਅੰਗਾਂ ਨੂੰ ਸਨਮਾਨ ਪੂਰਵਕ ਕਬਜ਼ੇ 'ਚ ਲੈ ਕੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਕਾਰਵਾਈ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਵੀ ਹੋ ਸਕਦਾ ਹੈ ਕਿ ਮੰਦਿਰ ਨੇੜੇ ਹੋਣ ਕਰਕੇ ਅਤੇ ਪਿੱਪਲ ਦਾ ਪੇੜ ਹੋਣ ਕਰਕੇ ਕਈ ਵਾਰ ਕੁਝ ਲੋਕ ਪੁਰਾਣੇ ਹੋਏ ਗ੍ਰੰਥਾਂ ਨੂੰ ਰੱਖ ਦਿੰਦੇ ਨੇ ਤਾਂ ਜੋ ਪੰਡਿਤ ਇਨ੍ਹਾਂ ਨੂੰ ਜਲ ਪ੍ਰਵਾਹ ਕਰ ਸਕੇ। ਉਨ੍ਹਾਂ ਕਿਹਾ ਹਰ ਪੱਖ ਤੋਂ ਪੂਰੇ ਮਾਮਲੇ ਦੀ ਜਾਂਚ ਹੋਵੇਗੀ।   

 

 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin

https://apps.apple.com/in/app/abp-live-news/id81111490