ਸ੍ਰੀ ਆਨੰਦਪੁਰ ਸਾਹਿਬ: ਆਨੰਦਪੁਰ ਸਾਹਿਬ ਦੀ ਧਰਤੀ ਹੋਲਾ ਮਹੱਲਾ ਦੇ ਰੰਗ ਵਿੱਚ ਰੰਗੀ ਗਈ ਹੈ। ਅੱਜ ਇੱਥੇ ਹੋਲਾ ਮਹੱਲਾ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਸ਼ੁਰੂ ਹੋ ਗਿਆ। ਅੱਜ ਸਵੇਰ ਤੋਂ ਵੱਡੀ ਗਿਣਤੀ ਸੰਗਤਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ।
ਅੱਜ ਸਵੇਰੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਣੇ ਵੱਖ-ਵੱਖ ਗੁਰਦੁਆਰਾ ਸਹਿਬਾਨ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਆਰੰਭ ਕਰਵਾਏ ਗਏ। ਇਨ੍ਹਾਂ ਦੇ ਭੋਗ ਦੋ ਮਾਰਚ ਨੂੰ ਪੈਣਗੇ। ਅੱਜ ਨਿਰਮਲ ਭੇਖ ਦੁਆਬਾ ਮੰਡਲ ਵੱਲੋਂ ਨਗਰ ਕੀਰਤਨ ਵੀ ਸਜਾਇਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਕੀਰਤਪੁਰ ਸਾਹਿਬ ਵਿਖੇ 25 ਤੋਂ 27 ਫਰਵਰੀ ਤੱਕ ਚੱਲੇ ਹੋਲਾ ਮਹੱਲਾ ਦੇ ਪਹਿਲੇ ਪੜਾਅ ਦੀ ਸਮਾਪਤੀ ਤੋਂ ਬਾਅਦ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ ਪਹੁੰਚੀਆਂ। ਵੱਖ-ਵੱਖ ਥਾਵਾਂ ’ਤੇ ਲੰਗਰ ਲਾਏ ਗਏ ਹਨ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਨੇ ਦੱਸਿਆ ਕਿ ਲੱਖਾਂ ਦੀ ਗਿਣਤੀ ’ਚ ਆਉਣ ਵਾਲੇ ਸ਼ਰਧਾਲੂਆਂ ਲਈ ਹਰ ਤਰ੍ਹਾਂ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਚੁੱਕੇ ਹਨ।
ਹੋਲਾ ਮਹੱਲਾ ਸਿੱਖਾਂ ਲਈ ਅਹਿਮ ਤਿਉਹਾਰ ਹੈ। ਸਿੱਖਾਂ ਦੇ ਦਸਮ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਸਮਾਜ ਵਿੱਚ ਫੈਲੇ ਹਨੇਰੇ ਨੂੰ ਦੂਰ ਕੀਤਾ ਤੇ ਹੋਲੀ ਨੂੰ ਹੋਲੇ ਮਹੱਲੇ ਦਾ ਨਵਾਂ ਰੂਪ ਦੇ ਕੇ ਸਿੱਖ ਪੰਥ ਵਿੱਚ ਨਿਆਰੇਪਣ ਦੀ ਮਿਸਾਲ ਕਾਇਮ ਕਰਦਿਆਂ ਖਾਲਸਾ ਫੌਜ ਨੂੰ ਜੰਗੀ ਖੇਡਾਂ ਨਾਲ ਜੋੜਿਆ।